ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)-ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਵਲੋਂ ਭਾਰਤ ਦੇ ਵਿਰੋਧੀ ਹਾਲਾਤਾਂ ਵਿਚ ਸਰਹੱਦਾਂ 'ਤੇ ਡਿਊਟੀ ਨਿਭਾ ਰਹੇ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਸਕੂਲ ਦੇ ਚੇਅਰਮੈਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਚਾਰ ਅਜਿਹੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੇ ਪੁੱਤਰ, ਭਰਾ ਜਾਂ ਘਰਵਾਲੇ ਸਰਹੱਦੀ ਇਲਾਕਿਆਂ ਵਿਚ ਤਾਇਨਾਤ ਹਨ | ਉਨ੍ਹਾਂ ਨੂੰ ਸਨਮਾਨ ਪੱਤਰ, ਸ਼ਾਲ ਤੇ ਸੁਰੱਖਿਆ ਦੀ ਨਿਸ਼ਾਨੀ ਦੇ ਤੌਰ 'ਤੇ ਤੋਹਫ਼ੇ ਵੀ ਭੇਟ ਕੀਤੇ ਗਏ | ਪਿ੍ੰਸੀਪਲ ਸੁਮਨ ਰਾਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਹੜੇ ਪਰਿਵਾਰ ਆਪਣਾ ਲਾਡਲਾ ਜਵਾਨ ਦੇਸ਼ ਦੀ ਰੱਖਿਆ ਲਈ ਭੇਜਦੇ ਹਨ, ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ | ਇਸ ਮੌਕੇ ਵਾਇਸ ਪਿ੍ੰਸੀਪਲ ਸੋਨੀਆ, ਕੋਆਰਡੀਨੇਟਰ ਪੂਨਮ ਸ਼ਰਮਾ, ਸਮੂਹ ਸਟਾਫ਼, ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ |