ਫ਼ਰੀਦਕੋਟ, 1 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਬਾਬਾ ਫ਼ਰੀਦ ਨਗਰ ਵਿਖੇ ਬਾਰਿਸ਼ ਦੇ ਚੱਲਦਿਆਂ 2 ਮੰਜ਼ਿਲਾਂ ਮਕਾਨ ਢਹਿ-ਢੇਰੀ ਹੋ ਗਿਆ | ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਪਰ ਘਰ ਦੇ ਸਮਾਨ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਪਸ਼ੂਆਂ ਵੀ ਜ਼ਖ਼ਮੀ ਹੋਏ ਹਨ | ਜਾਣਕਾਰੀ ਦੇ ਅਨੁਸਾਰ ਫ਼ਰੀਦਕੋਟ ਇਲਾਕੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਇਸੇ ਬਾਰਿਸ਼ ਦੇ ਚੱਲਦਿਆਂ ਅੱਜ ਸਵੇਰੇ ਬਾਬਾ ਫ਼ਰੀਦ ਨਗਰ ਵਿਖੇ ਸੁਰਜੀਤ ਸਿੰਘ ਦੇ ਪਰਿਵਾਰ ਦਾ ਦੋ ਮੰਜ਼ਿਲਾ ਮਕਾਨ ਪੂਰੀ ਤਰ੍ਹਾਂ ਢਹਿ ਗਿਆ | ਇਸ ਘਰ ਵਿਚ ਪਰਿਵਾਰ ਵਲੋਂ ਪਸ਼ੂ ਵੀ ਰੱਖੇ ਹੋਏ ਸਨ ਅਤੇ ਉਪਰਲੀ ਮੰਜ਼ਿਲ ਵਿਚ ਕੁਝ ਮੈਂਬਰ ਵੀ ਰਹਿੰਦੇ ਸੀ ਜਿਸ ਸਮੇਂ ਇਹ ਮਕਾਨ ਡਿੱਗਿਆ ਉਸ ਸਮੇਂ ਘਰ 'ਚ ਮੌਜੂਦ ਪਰਿਵਾਰ ਨੂੰ ਪਹਿਲਾਂ ਅਹਿਸਾਸ ਹੋਣ ਕਾਰਨ ਬਾਹਰ ਨਿਕਲਣ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਪ੍ਰੰਤੂ ਮਲਬੇ ਵਿਚ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ | ਇਸ ਦੌਰਾਨ ਪਸ਼ੂਆਂ ਦੇ ਵੀ ਸੱਟਾਂ ਵੱਜੀਆਂ ਹਨ | ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਬਾਰਿਸ਼ ਕਾਰਨ ਘਰ 'ਚ ਤ੍ਰੇੜਾਂ ਆਉਣੀਆ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਇਹ ਵਾਕਿਆ ਪੇਸ਼ ਆਇਆ ਹੈ | ਹਾਲਾਂਕਿ ਘਰ ਦੀ ਦੂਜੀ ਮੰਜ਼ਿਲ 'ਤੇ ਰਹਿ ਰਿਹਾ ਪਰਿਵਾਰ ਜਿਸ ਨੂੰ ਮਕਾਨ ਦੇ ਡਿੱਗਣ ਦੇ ਅਹਿਸਾਸ ਹੋਣ ਕਾਰਨ ਪਹਿਲਾਂ ਹੀ ਬਾਹਰ ਨਿਕਲ ਚੁੱਕਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਅੰਦਰ ਪਿਆ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਇਆ | ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |