ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਾ. ਅਖਿਲ ਚੌਧਰੀ ਐੱਸ.ਐੱਸ.ਪੀ. ਦੀਆਂ ਹਦਾਇਤਾਂ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜਿਥੇ ਜ਼ਿਲ੍ਹੇ ਭਰ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਜੇਲ੍ਹ ਅੰਦਰੋਂ ਹੋਣ ਵਾਲੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਵੀ ਪੂਰੀ ਤਰ੍ਹਾਂ ਰੋਕਣ ਲਈ ਵਿਸ਼ੇਸ਼ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਇਸੇ ਸਿਲਸਿਲੇ ਵਿਚ ਅੱਜ ਸਵੇਰੇ ਜ਼ਿਲ੍ਹਾ ਜੇਲ੍ਹ (ਸੁਧਾਰ ਘਰ) ਸ੍ਰੀ ਮੁਕਤਸਰ ਸਾਹਿਬ ਵਿਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਜੇਲ੍ਹ ਦੇ ਹਰ ਹਿੱਸੇ ਦੀ ਤਲਾਸ਼ੀ ਕੀਤੀ ਗਈ ਜਿਸ ਦੀ ਅਗਵਾਈ ਜ਼ਿਲ੍ਹਾ ਸੁਧਾਰ ਘਰ ਸ੍ਰੀ ਮੁਕਤਸਰ ਸਾਹਿਬ ਵਿਚ ਰਸ਼ਪਾਲ ਸਿੰਘ ਡੀ.ਐੱਸ.ਪੀ. (ਐੱਨ.ਡੀ.ਪੀ.ਐੱਸ.), ਇੰਸਪੈਕਟਰ ਵਰੁਣ ਯਾਦਵ ਮੁੱਖ ਅਫ਼ਸਰ ਥਾਣਾ ਸਦਰ, ਐੱਸ.ਆਈ. ਗੁਰਦੀਪ ਸਿੰਘ ਮੁੱਖ ਅਫ਼ਸਰ ਬਰੀਵਾਲਾ ਵਲੋਂ ਕੀਤੀ ਗਈ | ਇਸ ਸਰਚ ਵਿਚ ਜੇਲ੍ਹ ਸਟਾਫ਼ ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਸ਼ਾਮਿਲ ਹੋਏ | ਇਸ ਦੌਰਾਨ ਸੁਪਰਡੈਂਟ ਜੇਲ੍ਹ ਨਵਦੀਪ ਸਿੰਘ ਵਹਿਣੀਵਾਲ, ਐੱਸ.ਆਈ. ਗੁਰਦਿੱਤ ਸਿੰਘ, ਐੱਸ.ਆਈ. ਵਰਿੰਦਰ ਸਿੰਘ ਤੇ ਹੋਰ ਸੀਨੀਅਰ ਜੇਲ੍ਹ ਅਧਿਕਾਰੀ ਵੀ ਹਾਜ਼ਰ ਸਨ | ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇਹ ਸਰਚ ਆਪ੍ਰੇਸ਼ਨ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਪੂਰੀ ਯੋਜਨਾ ਅਧੀਨ ਕੀਤਾ ਗਿਆ ਸੀ, ਤਾਂ ਜੋ ਜੇਲ੍ਹ ਅੰਦਰ ਕੋਈ ਵੀ ਨਸ਼ਾ ਤਸਕਰੀ, ਗੈਂਗਸਟਰ ਗਤੀਵਿਧੀ ਜਾਂ ਗ਼ੈਰਕਾਨੂੰਨੀ ਸਾਮਾਨ (ਜਿਵੇਂ ਕਿ ਮੋਬਾਈਲ ਫ਼ੋਨ, ਨਸ਼ੀਲੇ ਪਦਾਰਥ, ਤਿੱਖੇ ਹਥਿਆਰ, ਮਨਾਹੀ-ਸ਼ੁਦਾ ਸਮੱਗਰੀ ਆਦਿ) ਦੀ ਵਰਤੋਂ ਨਾ ਹੋ ਸਕੇ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਲ੍ਹਾਂ ਨੂੰ ਅਕਸਰ ਨਸ਼ਾ ਤਸਕਰੀ ਅਤੇ ਗੈਂਗਸਟਰ ਗਤੀਵਿਧੀਆਂ ਦਾ ਲੁਕਵੇਂ ਕੇਂਦਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ | ਚੈਕਿੰਗ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਤੇ ਅੰਦਰੂਨੀ ਹਿੱਸਿਆਂ ਦੀ ਤਲਾਸ਼ੀ ਕੀਤੀ ਗਈ, ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਨਾਲ-ਨਾਲ ਉਨ੍ਹਾਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ | ਜੇਲ੍ਹ ਦੇ ਆਉਣ-ਜਾਣ ਵਾਲੇ ਸਾਰੇ ਰਸਤੇ, ਕੰਧਾਂ ਦੇ ਕੋਨੇ, ਆਵਾਜਾਈ ਦੇ ਰਸਤੇ ਅਤੇ ਖੁੱਲ੍ਹੇ ਮੈਦਾਨਾਂ ਦੀ ਜਾਂਚ ਕੀਤੀ ਗਈ | ਕੁਝ ਸ਼ੱਕੀ ਥਾਵਾਂ ਤੋਂ ਕੈਦੀਆਂ ਤੇ ਸਟਾਫ਼ ਨਾਲ ਪੁੱਛਗਿੱਛ ਕੀਤੀ ਗਈ | ਚੈਕਿੰਗ ਦੌਰਾਨ ਮੈਟਲ ਡਿਟੈਕਟਰ ਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਤਲਾਸ਼ੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ | ਐੱਸ.ਐੱਸ.ਪੀ. ਨੇ ਕਿਹਾ ਕਿ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਰੱਖਣ ਲਈ ਅਜਿਹੇ ਸਰਚ ਆਪ੍ਰੇਸ਼ਨ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰੋਂ ਗ਼ੈਰਕਾਨੂੰਨੀ ਕੰਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਨਾਕਾਮ ਬਣਾਇਆ ਜਾਵੇਗਾ | ਇਸ ਲਈ ਨਿਰੰਤਰ ਅਚਾਨਕ ਚੈਕਿੰਗਾਂ ਜਾਰੀ ਰਹਿਣਗੀਆਂ | ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ |