ਫ਼ਰੀਦਕੋਟ, 5 ਸਤੰਬਰ (ਸਰਬਜੀਤ ਸਿੰਘ)-ਵੱਖ-ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆ ਵਿਚ ਇਕ ਔਰਤ ਦੇ ਜ਼ਖ਼ਮੀ ਹੋਣ ਅਤੇ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ | ਪੁਲਿਸ ਵਲੋਂ ਸਬੰਧਿਤ ਥਾਣਿਆਂ ਵਿਚ ਵੱਖ-ਵੱਖ ਦੋ ਮਾਮਲੇ ਦਰਜ ਕੀਤੇ ਗਏ ਹਨ | ਪ੍ਰਾਪਤ ਸੂਚਨਾ ਅਨੁਸਾਰ ਜਰਨੈਲ ਸਿੰਘ ਵਾਸੀ ਨਿਹਾਲੇ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਭਰਾ ਕਰਨੈਲ ਸਿੰਘ ਕਿਸੇ ਕੰਮ ਬਠਿੰਡੇ ਲਈ ਆਪਣੇ ਮੋਟਰਸਾਈਲ 'ਤੇ ਨਿਕਲਿਆ ਸੀ ਅਤੇ ਪਿੰਡ ਪਿੱਪਲੀ ਸਾਹਮਣੇ ਪੈਟਰੋਲ ਪੰਪ ਕਿਸੇ ਨਾਮਾਲੂਮ ਵਹੀਕਲ ਵਲੋਂ ਉਸ ਦੇ ਮੋਟਰਸਾਈਕਲ ਨਾਲ ਟੱਕਰ ਮਾਰੀ ਗਈ | ਜਿਸ ਨਾਲ ਉਸ ਦੇ ਭਰਾ ਦੇ ਕਾਫ਼ੀ ਸੱਟਾਂ ਲੱਗੀਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਣ 'ਤੇ ਡਾਕਟਰਾਂ ਵਲੋਂ ਉਸ ਦੇ ਭਰਾ ਨੂੰ ਮਿ੍ਤਕ ਘੋਸ਼ਿਤ ਕੀਤਾ ਗਿਆ | ਐਸ.ਆਈ. ਸੱਤਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਹੀ ਸੁਖਜੀਤ ਸਿੰਘ ਵਾਸੀ ਪਿੰਡ ਸ਼ੇਰ ਸਿੰਘ ਵਾਲਾ ਫ਼ਰੀਦਕੋਟ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਹ ਆਪਣੀ ਭਰਜਾਈ ਨੂੰ ਉਸ ਦੇ ਪੇਕੇ ਪਿੰਡ ਤੋਂ ਲੈ ਕੇ ਆ ਰਹਿਾ ਸੀ ਤਾਂ ਪਿੰਡ ਮਿੱਡੂਮਾਨ ਦੇ ਪ੍ਰਾਇਮਰੀ ਸਕੂਲ ਦੇ ਗੇਟ ਅੱਗੇ ਸਵਿੱਫਟ ਗੱਡੀ ਜਿਸ ਨੂੰ ਸੁਖਜਿੰਦਰ ਸਿੰਘ ਪੁੱਤਰ ਖੇਤਾ ਸਿੰਘ ਚਲਾ ਰਿਹਾ ਸੀ, ਨੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਗੱਡੀ ਮਾਰੀ ਜਿਸ ਨਾਲ ਉਸ ਦੀ ਭਰਜਾਈ ਸੜਕ 'ਤੇ ਡਿੱਗ ਗਈ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ | ਉਸ ਵਲੋਂ ਆਪਣੀ ਭਰਜਾਈ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਸਹਾਇਕ ਥਾਣੇਦਾਰ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੱਡੀ ਚਾਲਕ ਸੁਖਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਹਾਲ ਦੀ ਘੜੀ ਮੁਲਜ਼ਮ ਦੀ ਗਿ੍ਫ਼ਤਾਰੀ ਨਹੀਂ ਹੋਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |