ਫ਼ਰੀਦਕੋਟ, 6 ਸਤੰਬਰ (ਜਸਵੰਤ ਸਿੰਘ ਪੁਰਬਾ)-ਬੀਤੇ ਕਰੀਬ ਇਕ ਮਹੀਨੇ ਤੋਂ ਪੰਜਾਬ ਭਰ ਵਿਚ ਮੌਸਮ ਨੇ ਅਜਿਹੀ ਕਰਵਟ ਲਈ ਹੈ ਕਿ ਸਾਰੇ ਹੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਅਸਤ ਵਿਅਸਤ ਹੋ ਗਈ ਨਜ਼ਰ ਆਉਂਦੀ ਹੈ | ਪੰਜਾਬ ਦੇ ਕਈ ਜ਼ਿਲਿ੍ਹਆਂ ਦੇ ਹਜ਼ਾਰਾਂ ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀ ਹੀ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੋ ਕਿ ਦੁੱਖ ਨੂੰ ਵੰਡਾਉਣ ਦੀ ਗੱਲ ਹੋ ਰਹੀ ਹੈ, ਪਰ ਅਜਿਹੇ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਬੇਸ਼ੱਕ ਹੜ੍ਹਾਂ ਦੀ ਮਾਰ ਵਾਲੇ ਖੇਤਰ ਵਿਚ ਤਾਂ ਨਹੀਂ ਰਹਿੰਦੇ ਪਰ ਖਰਾਬ ਮੌਸਮ ਦੀ ਮਾਰ ਨੇ ਉਨ੍ਹਾਂ ਦੇ ਚੁੱਲਿ੍ਹਆਂ ਦੀ ਅੱਗ ਵੀ ਬੁਝਾ ਦਿੱਤੀ ਹੈ ਅਤੇ ਉਹ ਵੀ ਦੋ ਵਕਤ ਦੀ ਰੋਟੀ ਲਈ ਹੁਣ ਸਮਾਜ ਸੇਵੀ ਸੰਸਥਾਂਵਾਂ ਜਾਂ ਪੰਜਾਬ ਸਰਕਾਰ ਦੀ ਕਿਸੇ ਮਦਦ ਦੀ ਉਡੀਕ ਕਰਨ ਲੱਗੇ ਹਨ | ਦਰਅਸਲ ਮਾਮਲਾ ਫ਼ਰੀਦਕੋਟ ਜ਼ਿਲ੍ਹੇ ਦਾ ਹੈ, ਫ਼ਰੀਦਕੋਟ ਜ਼ਿਲ੍ਹੇ ਅੰਦਰ ਵੀ ਬੀਤੇ ਕਰੀਬ ਇਕ ਮਹੀਨੇ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਕਰੀਬ ਇਕ ਮਹੀਨੇ ਤੋਂ ਹੀ ਕੰਮਕਾਰ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਮਜ਼ਦੂਰ ਵਰਗ ਦਾ ਕੰਮ ਲਗਪਗ ਠੱਪ ਹੀ ਪਿਆ ਹੈ | ਫ਼ਰੀਦਕੋਟ ਦੇ ਲੇਬਰ ਚੌਂਕ ਵਿਚ ਜਾ ਕੇ ਜਦ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਫ਼ਰੀਦਕੋਟ ਦੇ ਨਾਲ ਲੱਗਦੇ ਪਿੰਡਾਂ ਤੋਂ ਆਉਂਦੇ ਹਨ ਅਤੇ ਇਥੋਂ ਜਿਸ ਨੂੰ ਵੀ ਕਿਸੇ ਕੰਮਕਾਰ ਸਬੰਧੀ ਕਾਮਿਆਂ ਦੀ ਲੋੜ ਹੁੰਦੀ ਹੈ ਉਹ ਲੈ ਜਾਂਦਾ, ਮਜ਼ਦੂਰਾਂ ਨੇ ਦੱਸਿਆ ਕਿ ਬੀਤੇ ਕਰੀਬ 1 ਮਹੀਨੇ ਤੋਂ ਬਾਰਿਸ਼ ਕਾਰਨ ਕੰਮਕਾਰ ਬਿਲਕੁਲ ਬੰਦ ਪਿਆ, ਉਹ ਹਰ ਰੋਜ ਕੰਮ ਦੀ ਭਾਲ ਲਈ ਆਉਂਦੇ ਹਨ ਪਰ ਇਥੋਂ ਖਾਲੀ ਹੱਥ ਘਰਾਂ ਨੂੰ ਪਰਤਣਾ ਪੈਂਦਾ | ਉਨ੍ਹਾਂ ਕਿਹਾ ਕਿ ਕੋਈ ਵੀ ਹੋਵੇ ਖਰਾਬ ਮੌਸਮ ਵਿਚ ਕੋਈ ਵੀ ਆਪਣਾ ਕੰਮ ਨਹੀਂ ਚਲਾਉਂਦਾ, ਤਾਂ ਹੀ ਕਿਸੇ ਨੂੰ ਦਿਹਾੜੀ ਨਹੀਂ ਮਿਲਦੀ, ਨਾਲ ਹੀ ਜੇਕਰ ਕੋਈ ਕੰਮ ਚੱਲਦਾ ਉਸ ਲਈ ਕੋਈ ਲੇਬਰ ਲੈਣ ਆਉਂਦਾ ਹੈ ਤਾਂ ਉਹ ਕੰਮ ਦਾ ਸਹੀ ਮੁੱਲ ਦੇਣ ਨੂੰ ਤਿਆਰ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਲਾਭਪਾਤਰੀ ਕਾਰਡ ਬਣੇ ਹਨ ਪਰ ਉਨ੍ਹਾਂ ਦਾ ਵੀ ਕੋਈ ਲਾਭ ਮਜ਼ਦੂਰ ਵਰਗ ਨੂੰ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਮੁਫ਼ਤ ਮਿਲਣ ਵਾਲੀ ਕਣਕ ਦੇ ਵੀ ਬਹੁਤੇ ਕਾਰਡ ਬੰਦ ਕਰ ਦਿੱਤੇ ਗਏ ਜਾਂ ਜਿਨ੍ਹਾਂ ਨੂੰ ਕੋਈ ਕਣਕ ਵਗੈਰਾ ਮਿਲਦੀ ਹੈ ਉਹ ਵੀ ਪੂਰੀ ਨਹੀਂ ਮਿਲਦੀ | ਮਜ਼ਦੂਰਾਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਲਈ ਤਾਂ ਸਭ ਅੱਗੇ ਆ ਰਹੇ ਹਨ ਪਰ ਜੋ ਲੋਕ ਮੌਸਮ ਦੀ ਮਾਰ ਕਾਰਨ ਕੰਮ ਕਾਰ ਤੋਂ ਵਿਹਲੇ ਬੈਠੇ ਹਨ ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇ |