ਸਾਦਿਕ, 26 ਸਤੰਬਰ (ਆਰ.ਐਸ.ਧੁੰਨਾ)-ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਜੰਡ ਸਾਹਿਬ ਦੀ ਅਗਵਾਈ ਵਿਚ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਹੌਟ ਸਪੋਟ ਇਲਾਕਿਆਂ 'ਚ ਵੱਖ-ਵੱਖ ਟੀਮਾਂ ਵਲੋਂ ਘਰ-ਘਰ ਜਾ ਕੇ ਡੇਂਗੂ ਸਰਵੇ ਕਰਕੇ ਲਾਰਵਾ ਚੈੱਕ ਕੀਤਾ ਗਿਆ | ਰਜਿੰਦਰ ਕੁਮਾਰ ਬਲਾਕ ਐਜੂਕੇਟਰ ਪੀ.ਐਚ.ਸੀ ਜੰਡ ਸਾਹਿਬ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਬੁਖ਼ਾਰ ਏਡੀਜ਼ ਐਜੀਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਇਹ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿਚ ਪਲਦਾ ਹੈ | ਉਨ੍ਹਾਂ ਕਿਹਾ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਲੜੀ ਤਹਿਤ ਸਾਨੂੰ ਹਰ ਹਫਤੇ ਗਮਲਿਆਂ, ਕੂਲਰਾਂ, ਪੰਛੀਆਂ ਦੇ ਪਾਣੀ ਪੀਣ ਵਾਲੇ ਕਟੋਰੇ, ਫਰਿਜ ਦੀ ਟਰੇਅ ਆਦਿ ਦੀ ਸਫ਼ਾਈ ਕਰਨੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਦੇ ਸਰਕਾਰੀ ਹਸਪਤਾਲ 'ਚ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ |