ਕੋਟਕਪੂਰਾ, 27 ਸਤੰਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ ਨੇ ਆਪਣੇ ਦਫ਼ਤਰ ਵਿਖੇ ਇਕ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕਰਕੇ ਪੰਜਾਬ ਸਰਕਾਰ ਅਤੇ ਸ਼ੈਲਰ ਮਾਲਕਾਂ ਵਿਚਲੀ ਓ.ਟੀ.ਐਸ (ਵਨ-ਟਾਈਮ ਸੈਟਲਮੈਂਟ) ਸਕੀਮ ਬਾਰੇ ਜਾਣਕਾਰੀ ਦਿੱਤੀ | ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੰਜਾਬ ਦੇ ਵਿਚ ਕਾਰੋਬਾਰ ਨੂੰ ਵਧਾਉਣ ਲਈ ਵਨ-ਟਾਈਮ ਸੈਟਲਮੈਂਟ ਸਕੀਮ ਸੁਰੂ ਕੀਤੀ ਗਈ ਹੈ | ਇਸ ਸਕੀਮ ਦਾ ਮਕਸਦ ਸ਼ੈਲਰ ਮਾਲਕਾਂ ਦੇ ਬਕਾਇਆ ਰੁਪਏ ਨੂੰ ਇਕ ਵਾਰ ਦੀ ਭੁਗਤਾਨ ਰਾਹੀਂ ਸੈਟਲ ਕਰਨਾ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਰਾਹਤ ਮਿਲੇਗੀ ਅਤੇ ਮਾਰਕੀਟ ਵਿਚ ਵਪਾਰ ਸੁਚਾਰੂ ਤਰੀਕੇ ਨਾਲ ਚੱਲੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਯੋਗ ਮਾਲਕ ਮਾਰਕੀਟ ਕਮੇਟੀ ਦੇ ਦਫ਼ਤਰ ਜਾਂ ਆਨਲਾਈਨ ਪ੍ਰਕਿਰਿਆ ਰਾਹੀਂ ਅਪਲਾਈ ਕਰ ਸਕਦੇ ਹਨ | ਇਸ ਸਕੀਮ ਵਿਚ ਛੋਟ ਅਤੇ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਬਕਾਇਆ ਭੁਗਤਾਨ ਕਰਨਾ ਆਸਾਨ ਹੋਵੇਗਾ ਅਤੇ ਮਾਲਕਾਂ ਨੂੰ ਕਿਸੇ ਵਿਆਜ ਜਾਂ ਜੁਰਮਾਨੇ ਤੋਂ ਛੁਟਕਾਰਾ ਮਿਲੇਗਾ | ਚੇਅਰਮੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਅਪਲਾਈ ਕਰਕੇ ਆਪਣਾ ਬਕਾਇਆ ਸੈਟਲ ਕਰਨ ਅਤੇ ਆਰਥਿਕ ਰਾਹਤ ਪ੍ਰਾਪਤ ਕਰਨ | ਸਕੀਮ ਦੇ ਤਹਿਤ ਕਾਗਜ਼ਾਤ ਸਧਾਰਨ, ਮੱਦਦ ਲਈ ਨਿਰਧਾਰਿਤ ਸਟਾਫ਼ ਅਤੇ ਹਰ ਕਿਸੇ ਦੀ ਪੂਰੀ ਜਾਣਕਾਰੀ ਦੀ ਸਹੂਲਤ ਦਿੱਤੀ ਗਈ ਹੈ | ਇਕ ਮੁਸ਼ਤ ਅਦਾਇਗੀ ਨਾਲ ਸ਼ੈਲਰ ਮਾਲਕ ਆਪਣਾ ਬਕਾਇਆ ਖ਼ਾਤਾ ਨਿਪਟਾ ਸਕਦੇ ਹਨ | ਸਕੀਮ ਤਹਿਤ ਜੁਰਮਾਨਿਆਂ 'ਤੇ ਵਾਧੂ ਵਿਆਜ ਵਿਚ ਵੱਡੀ ਛੂਟ ਦਿੱਤੀ ਗਈ ਹੈ | ਸ਼ੈਲਰ ਮਾਲਕਾਂ ਨੂੰ ਕਿਸ਼ਤਾਂ ਵਿਚ ਰਕਮ ਅਦਾ ਕਰਨ ਦੀ ਵੀ ਸਹੂਲਤ ਦਿੱਤੀ ਜਾ ਸਕਦੀ ਹੈ | ਇਸ ਨਾਲ ਮਾਰਕੀਟ ਵਿਚ ਵਪਾਰ ਤੇਜ ਹੋਵੇਗਾ ਅਤੇ ਕਿਸਾਨਾਂ ਅਤੇ ਸ਼ੈਲਰ ਮਾਲਕਾਂ ਵਿਚ ਭਰੋਸਾ ਵਧੇਗਾ | ਇਸ ਮੌਕੇ ਐਡਵੋਕੋਟ ਬੀਰਇੰਦਰ ਸਿੰਘ ਸੰਧਵਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ੈਲਰ ਮਾਲਕ ਹਾਜ਼ਰ ਸਨ |