ਜੈਤੋ, 28 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਵਿਧਾਨ ਸਭਾ ਹਲਕਾ ਜੈਤੋ 'ਚ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਅਮੋਲਕ ਸਿੰਘ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਟ੍ਰੈਫ਼ਿਕ ਦੀ ਵੱਡੀ ਸਮੱਸਿਆ ਨਾਲ ਲੋਕਾਂ ਨੂੰ ਘੰਟਿਆਬੰਦੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਸ਼ਹਿਰ ਦੀਆਂ ਸੜਕਾਂ 'ਚ ਪਏ ਖੱਡਿਆਂ ਕਾਰਨ ਅਕਸਰ ਛੋਟੀਆਂ ਮੋਟੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ | ਉੱਥੇ ਲੰਮੇ ਸਮੇਂ ਤੋਂ ਟੁੱਟੀਆਂ ਸੜਕਾਂ ਅਤੇ ਸਫ਼ਾਈ ਦੀ ਬੇਧਿਆਨੀ ਕਾਰਨ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਦੁਕਾਨਦਾਰਾਂ ਨੂੰ ਮਿੱਟੀ ਘੱਟੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦੀਆਂ ਮੇਨ ਟੁੱਟੀਆਂ ਸੜਕਾਂ ਕਾਰਨ ਆਸੇ ਪਾਸੇ ਦੇ ਪਿੰਡ ਦੇ ਲੋਕ ਖਰੀਦਦਾਰੀ ਲਈ ਜੈਤੋ ਨੂੰ ਤਰਜ਼ੀਹ ਦੇਣ ਦੀ ਬਜਾਏ ਹੋਰ ਸ਼ਹਿਰਾਂ ਵੱਲ ਰੁੱਖ ਕਰਨ ਲਈ ਮਜਬੂਰ ਹੋ ਗਏ ਹਨ | ਜਿਸ ਕਾਰਨ ਜੈਤੋ ਦੇ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ | ਤਿਉਹਾਰਾਂ ਦੇ ਦਿਨਾਂ ਨੂੰ ਲੈ ਕੇ ਦੁਕਾਨਦਾਰਾਂ 'ਚ ਬਹੁਤਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ ਹੈ | ਜੈਤੋ ਸ਼ਹਿਰ ਦੀਆਂ ਇਨ੍ਹਾਂ ਸਮੱਸਿਆਵਾਂ ਕਾਰਨ ਨੇੜਲੇ ਕਸਬੇ ਬਗਰਾੜੀ, ਬਾਜਾਖਾਨਾ, ਮੱਲ੍ਹਣ ਅਤੇ ਕੋਟਲੀ ਕਾਰੋਬਾਰੀ ਪੱਖੋਂ ਵਿਕਸ਼ਿਤ ਹੋ ਰਹੇ ਹਨ | ਇਹੀ ਵੱਡਾ ਕਾਰਨ ਹੈ ਕਿ ਜੈਤੋ 'ਚ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਦਿਨ-ਬ-ਦਿਨ ਆਪਣੇ ਕੰਮ ਧੰਦੇ ਹੋਰ ਸ਼ਹਿਰਾਂ 'ਚ ਤਬਦੀਲ ਕਰ ਰਹੇ ਹਨ | ਸ਼ਹਿਰ 'ਚ ਘੱਟ ਰਹੇ ਕੰਮਕਾਜ ਕਾਰਨ ਦੁਕਾਨਾਂ 'ਤੇ ਲੇਬਰ ਕਾਰਨ ਵਾਲੇ ਕਰਿੰਦਿਆਂ ਨੂੰ ਵੀ ਆਪਣੇ ਪਰਿਵਾਰ ਪਾਲਣ ਲਈ ਕਮਾਈ ਕਰਨ ਲਈ ਦੂਸਰੇ ਸ਼ਹਿਰਾਂ 'ਚ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਉਥੇ ਦੂਜੇ ਪਾਸੇ ਸ਼ਹਿਰ ਦੀ ਟ੍ਰੈਫ਼ਿਕ ਦੀ ਵੱਡੀ ਸਮੱਸਿਆ ਤਾਂ ਰਾਮ ਆਸਰੇ ਹੀ ਹੱਲ ਹੋਵੇਗੀ, ਕਿਉਂਕਿ ਦੁਕਾਨਦਾਰਾਂ ਅਤੇ ਰੇਹੜੀ ਫ਼ੜੀ ਵਾਲਿਆਂ ਵਲੋਂ ਸੜਕਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੇ ਟ੍ਰੈਫ਼ਿਕ ਸਮੱਸਿਆਂ ਨੂੰ ਵੱਡੇ ਰੂਪ 'ਚ ਪ੍ਰਭਾਵਿਤ ਕੀਤਾ ਹੈ | ਟ੍ਰੈਫ਼ਿਕ ਦੀ ਸਮੱਸਿਆ ਤੋਂ ਪਾਸਾ ਵੱਟੀ ਬੈਠੇ ਵਿਭਾਗ ਵਲੋਂ ਲੋਕਾਂ ਦੀ ਇਸ ਸਮੱਸਿਆ ਨੂੰ ਪੱਖੋਂ ਪਰੋਖੇ ਕੀਤੇ ਹੋਣ ਕਾਰਨ | ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ 15-15 ਫੁੱਟ ਜਗ੍ਹਾ ਰੋਕ ਕੇ ਕਬਜ਼ਾ ਕੀਤਾ ਹੋਇਆ ਹੈ | ਸ਼ਾਮ ਸਮੇਂ ਰੇਹੜੀਆਂ ਤੋਂ ਖਰੀਦਦਾਰੀ ਕਾਰਨ ਵਾਲੇ ਲੋਕਾਂ ਵਲੋਂ ਬੇਧਿਆਨ ਤਰੀਕੇ ਨਾਲ ਕੀਤੀ ਗਈ ਵਾਹਨਾਂ ਦੀ ਪਾਰਕਿੰਗ ਕਾਰਨ ਅਕਸਰ ਲੋਕਾਂ 'ਚ ਤੂੰ-ਤੂੰ, ਮੈਂ-ਮੈਂ ਹੁੰਦੀ ਦਿਖਾਈ ਦਿੰਦੀ ਹੈ ਜੋ ਕਦੇ ਕਦਾਈ ਲੜਾਈ ਦਾ ਰੂਪ ਵੀ ਧਾਰਨ ਕਰ ਜਾਂਦੀ ਹੈ | ਸਮਾਜ ਸੇਵੀ ਆਗੂਆਂ ਵਲੋਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਗਈ ਕਿ ਸੜਕਾਂ 'ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਅਮਲ ਨਾ ਕਰਨ ਦੀ ਸੂਰਤ 'ਚ ਕਾਨੂੰਨੀ ਕਾਰਵਾਈ ਕੀਤੀ ਜਾਵੇ |