ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਪੁਲਿਸ ਵਿਭਾਗ ਵਲੋਂ ਫ਼ਰੀਦਕੋਟ ਜ਼ਿਲ੍ਹੇ ਅੰਦਰ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਇਸ ਦੇ ਆਸ-ਪਾਸ ਖੇਤਰਾਂ ਵਿਚ ਇਕ ਖਾਸ ਸਰਚ ਆਪ੍ਰੇਸ਼ਨ ਚਲਾਇਆ ਗਿਆ | ਇਸ ਸਰਚ ਆਪ੍ਰੇਸ਼ਨ ਦੀ ਓਵਰਆਲ ਸੁਪਰਵੀਜਨ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਵਲੋਂ ਕੀਤੀ ਗਈ | ਅਤੇ ਇਹ ਆਪ੍ਰੇਸ਼ਨ ਸੁਭਾ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲਾਇਆ ਗਿਆ | ਪੁਲਿਸ ਟੀਮਾਂ ਵਲੋਂ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿਚ ਐਂਟੀਸਾਬੋਟੇਜ਼ ਚੈੱਕ ਅਤੇ ਡਾਗ ਸਕਾਡ ਦੀ ਸਹਾਇਤਾ ਨਾਲ 5 ਰੇਲਵੇ ਸਟੇਸ਼ਨਾਂ 'ਤੇ ਸ਼ਪੈਸ਼ਲ ਚੈਕਿੰਗ ਕੀਤੀ ਗਈ | ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਅਤੇ ਸ਼ੱਕੀ ਤੇ ਸ਼ਰਾਰਤੀ ਅਨਸਰਾਂ 'ਤੇ ਨਕੇਲ ਕੱਸਣ ਲਈ ਇਹ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ | ਇਸ ਦੌਰਾਨ ਡਰੋਨ ਕੈਮਰਿਆਂ ਰਾਹੀਂ ਹਰ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ 100 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਇਸ ਦੌਰਾਨ ਆਮ ਪਬਲਿਕ ਨੂੰ ਘੱਟ ਤੋਂ ਘੱਟ ਅਸੁਵਿਧਾ ਪਹੁੰਚਾਈ ਗਈ | ਇਸ ਆਪ੍ਰੇਸ਼ਨ ਦੌਰਾਨ ਕੁੱਲ 85 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ |
ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਰੇਲਵੇ ਸਟੇਸ਼ਨਾਂ 'ਤੇ ਕੀਤੀ ਚੈਕਿੰਗ
ਅਜੀਤ ਡੈਸਕ
29-09-2025