ਕੋਟਕਪੂਰਾ, 1 ਨਵੰਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਸਥਿਤ ਪਿੰਡ ਖਾਰਾ ਵਿਖੇ ਬੀਤੀ ਰਾਤ ਇਕ ਐਂਬੂਲੈਂਸ ਅਤੇ ਟਰਾਲੇ ਦਰਮਿਆਨ ਹੋਈ ਭਿਆਨਕ ਟੱਕਰ 'ਚ ਜੱਚਾ-ਬੱਚਾ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ | ਹਾਦਸੇ ਸਮੇਂ ਔਰਤ ਅਤੇ ਉਸ ਦੇ ਨਵ-ਜਨਮੇ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਉਕਤ ਸਥਾਨ 'ਤੇ ਐਂਬੂਲੈਂਸ ਹਾਦਸਾਗ੍ਰਸਤ ਹੋ ਗਈ | ਹਾਦਸੇ ਦੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਥੋਂ ਐਂਬੂਲੈਂਸ ਦੇ ਡਰਾਈਵਰ ਅਤੇ ਉਕਤ ਔਰਤ ਦੇ ਪਤੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਏਮਜ਼ (ਬਠਿੰਡਾ) ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਲੱਖੇਵਾਲੀ ਟਿੱਬਾ ਦੀ ਵਸਨੀਕ ਗਰਭਵਤੀ ਔਰਤ ਜਸਵਿੰਦਰ ਕੌਰ ਦੀ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਡਲਿਵਰੀ ਹੋਈ ਸੀ ਅਤੇ ਉਸ ਤੋਂ ਬਾਅਦ ਜੱਚਾ ਬੱਚਾ ਨੂੰ ਉਥੋਂ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਲਈ ਰੈਫ਼ਰ ਕੀਤਾ ਗਿਆ | ਬੀਤੀ ਰਾਤ ਉਹ 108 ਸਰਕਾਰੀ ਐਂਬੂਲੈਂਸ ਗੱਡੀ ਰਾਹੀਂ ਫ਼ਰੀਦਕੋਟ ਜਾ ਰਹੇ ਸਨ | ਐਂਬੂਲੈਂਸ ਵਿਚ ਔਰਤ ਦੇ ਪਤੀ ਗੁਰਜੰਟ ਸਿੰਘ ਸਮੇਤ ਇਕ ਔਰਤ ਰਿਸ਼ਤੇਦਾਰ ਅਤੇ ਇਕ ਆਸ਼ਾ ਵਰਕਰ ਵੀ ਸਵਾਰ ਸੀ | ਜਦ ਉਹ ਪਿੰਡ ਖਾਰਾ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇਕ ਟਰਾਲੇ ਨਾਲ ਜ਼ੋਰਦਾਰ ਟੱਕਰ ਹੋ ਜਾਣ ਕਾਰਨ ਐਂਬੂਲੈਂਸ ਸੜਕ ਕਿਨਾਰੇ ਖੇਤਾਂ ਵਿਚ ਜਾ ਡਿੱਗੀ | ਡਰਾਈਵਰ ਦਲੇਰ ਸਿੰਘ ਤੋਂ ਇਲਾਵਾ ਐਂਬੂਲੈਂਸ ਵਿਚ ਸਵਾਰ ਔਰਤ, ਉਸ ਦਾ ਨਵ ਜਨਮਿਆ ਬੱਚਾ, ਪਤੀ, ਰਿਸ਼ਤੇਦਾਰ ਔਰਤ ਅਤੇ ਆਸ਼ਾ ਵਰਕਰ ਜ਼ਖ਼ਮੀ ਹੋ ਗਏ | ਪ੍ਰਤੱਖਦਰਸ਼ੀਆਂ ਮੁਤਾਬਿਕ ਟੱਕਰ ਬਹੁਤ ਭਿਆਨਕ ਸੀ, ਪਰ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ | ਤਫਤੀਸ਼ੀ ਅਫ਼ਸਰ ਏ.ਐਸ.ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਜਾਰੀ ਹੈ | ਪਿੰਡ ਦੇ ਵਸਨੀਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਬਰਾੜ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਸਰਕਾਰੀ ਸਕੂਲਾਂ ਕੋਲ ਸਪੀਡ ਬਰੇਕਰ ਬਣਾਏ ਜਾਣ ਦੀ ਮੰਗ ਕਰਦਿਆਂ ਦੱਸਿਆ ਹੈ ਕਿ ਹਰ ਸਾਲ ਪਿੰਡ ਦੇ ਨਜ਼ਦੀਕ ਅਨੇਕਾਂ ਵਾਪਰੇ ਸੜਕੀ ਹਾਦਸਿਆਂ 'ਚ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਾ ਮੌਤ ਦੇ ਮੂੰਹ 'ਚ ਚਲੀਆਂ ਜਾਣਾ ਬੇਹੱਦ ਅਫ਼ਸੋਸਨਾਕ ਹੈ |