ਫ਼ਰੀਦਕੋਟ, 3 ਨਵੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮ ਦੇ ਪਵਿੱਤਰ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਬਾਬਾ ਫ਼ਰੀਦ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਾਬਲੀਅਤ, ਸਿੱਖਿਆ ਪ੍ਰਤੀ ਸਮਰਪਣ ਤੇ ਸੱਭਿਆਚਾਰ ਪ੍ਰੇਮ ਦਾ ਉੱਤਮ ਨਮੂਨਾ ਪੇਸ਼ ਕੀਤਾ | ਡਰਾਇੰਗ ਮੁਕਾਬਲੇ 'ਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੀ ਰਚਨਾਤਮਕ ਸੋਚ ਤੇ ਕਲਾ-ਕੁਸ਼ਲਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਪ੍ਰਸ਼ਨੋਤਰੀ ਮੁਕਾਬਲੇ 'ਚ ਕਿਰਤਰੂਪ ਕੌਰ ਤੇ ਅਭਿਜੋਤ ਸਿੰਘ ਨੇ ਕੰਸੋਲੇਸ਼ਨ ਇਨਾਮ ਹਾਸਿਲ ਕਰਦੇ ਹੋਏ ਆਪਣੀ ਗਿਆਨ-ਸਮਰੱਥਾ ਦਾ ਪ੍ਰਮਾਣ ਦਿੱਤਾ | ਦਸਤਾਰ-ਬੰਦੀ ਮੁਕਾਬਲੇ 'ਚ ਪਹੁਲਪ੍ਰੀਤ ਸਿੰਘ ਨੇ ਪਹਿਲਾ ਤੇ ਮਨਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿੱਖ ਸੱਭਿਆਚਾਰ ਪ੍ਰਤੀ ਆਪਣੀ ਸ਼ਰਧਾ ਤੇ ਹੁਨਰ ਨਾਲ ਸਭ ਦਾ ਦਿਲ ਜਿੱਤ ਲਿਆ | ਸਕੂਲ ਦੀ ਕਾ. ਪਿ੍ੰਸੀਪਲ ਸੁਖਦੀਪ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ | ਕਾ. ਵਾਈਸ ਪਿ੍ੰਸੀਪਲ ਹਰਸਿਮਰਨ ਕੌਰ ਨੇ ਕਿਹਾ ਕਿ ਸਾਡੇ ਵਿਦਿਆਰਥੀ ਸਿਰਫ਼ ਅਕਾਦਮਿਕ ਖੇਤਰ 'ਚ ਹੀ ਨਹੀਂ, ਸਗੋਂ ਹਰ ਖੇਤਰ ਵਿਚ ਆਪਣੀ ਲਗਨ ਤੇ ਅਨੁਸ਼ਾਸਨ ਨਾਲ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ | ਬਾਬਾ ਫ਼ਰੀਦ ਸਕੂਲ ਦੀ ਸਮੁੱਚੀ ਮੈਨੇਜਮੈਂਟ ਵਲੋਂ ਵੀ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ |