ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਇਕ ਵਕੀਲ ਖ਼ਿਲਾਫ਼ ਮਾਮਲਾ ਦਰਜ ਕਰਨ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ ਮੁੱਖ ਮੰਤਰੀ ਪੰਜਾਬ ਨਾਲ ਵਕੀਲਾਂ ਦੀ ਮੁਲਾਕਾਤ ਨਾ ਕਰਵਾਉਣ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਨੇ ਸੂਬੇ ਭਰ 'ਚ ਹੜਤਾਲ ਦਾ ਐਲਾਨ ਕਰਦਿਆਂ ਦੋ ਦਿਨ ਤੱਕ ਹੜਤਾਲ ਦਾ ਐਲਾਨ ਕਰ ਦਿੱਤਾ ਹੈ | ਇਨ੍ਹਾਂ ਦੋ ਦਿਨਾਂ ਵਿਚ ਜੇਕਰ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਤੇ ਹਰਿਆਣਾ ਦੇ ਵਕੀਲ ਤਰਨਤਾਰਨ ਵਿਚ ਰੋਸ ਪ੍ਰਦਰਸ਼ਨ ਕਰਨਗੇ | ਅੱਜ ਦੀ ਇਸ ਹੜਤਾਲ ਕਾਰਨ ਕਿਸੇ ਵੀ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਤੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਜਵਾਹਰੇਵਾਲਾ ਵਿਖੇ ਦੋ ਧਿਰਾਂ ਵਿਚ ਝਗੜਾ ਹੋਇਆ ਸੀ | ਇਸ ਝਗੜੇ ਦੌਰਾਨ ਵਕੀਲ ਹਰਮਨਦੀਪ ਸਿੰਘ ਸੰਧੂ ਦੇ ਗੰਭੀਰ ਸੱਟਾਂ ਲੱਗੀਆਂ ਸਨ, ਜਦਕਿ ਦੂਜੀ ਧਿਰ ਦੇ ਪੰਜ ਲੋਕ ਹਸਪਤਾਲ 'ਚ ਭਰਤੀ ਹਨ | ਪੁਲਿਸ ਨੇ ਪਹਿਲਾਂ ਵਕੀਲ ਸੰਧੂ ਦਾ ਬਿਆਨ ਲਿਆ, ਪਰ ਐੱਫ਼.ਆਈ.ਆਰ. ਦੂਜੀ ਧਿਰ ਦੀ ਪਹਿਲਾਂ ਦਰਜ ਕਰ ਦਿੱਤੀ | ਬਾਰ ਐਸੋਸੀਏਸ਼ਨ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਦੋਵੇਂ ਧਿਰਾਂ 'ਤੇ ਕਰਾਸ ਮਾਮਲਾ ਦਰਜ ਕਰ ਦਿੱਤਾ | ਵਕੀਲਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਸਾਥੀ ਦੇ ਜ਼ਿਆਦਾ ਸੱਟਾਂ ਲੱਗੀਆਂ ਸਨ ਇਸ ਲਈ ਗੰਭੀਰ ਧਾਰਾਵਾਂ ਲੱਗਣੀਆਂ ਚਾਹੀਦੀਆਂ ਸਨ, ਪਰ ਪੁਲਿਸ ਨੇ ਦੋਵਾਂ ਧਿਰਾਂ 'ਤੇ ਇਕੋ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਬੀਤੇ ਐਤਵਾਰ ਨੂੰ ਜਦ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਤਾਂ ਉਹ ਆਪਣੀ ਗੱਲਬਾਤ ਰੱਖਣ ਲਈ ਉਨ੍ਹਾਂ ਨੂੰ ਮਿਲਣ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪਾਣੀ ਦੀਆਂ ਬੁਛਾਰਾਂ ਤੱਕ ਦਾ ਵੀ ਇੰਤਜਾਮ ਕਰਕੇ ਰੱਖਿਆ ਸੀ | ਵਕੀਲ ਧੱਕਾ-ਮੁੱਕੀ ਕਰਕੇ ਕੋਟਕਪੂਰਾ ਰੋਡ 'ਤੇ ਪਹੁੰਚ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਧਰਨਾ ਲਗਾ ਲਿਆ | ਧਰਨੇ ਦੌਰਾਨ ਏ.ਡੀ.ਸੀ. ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਗੱਲ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ, ਪਰ ਬਾਅਦ ਵਿਚ ਉਨ੍ਹਾਂ ਨੂੰ ਕੇਵਲ ਮੁੱਖ ਮੰਤਰੀ ਦੇ ਓ.ਐੱਸ.ਡੀ. ਨਾਲ ਮਿਲਵਾਇਆ ਗਿਆ | ਜਿਸ ਤੋਂ ਬਾਅਦ ਓ.ਐੱਸ.ਡੀ. ਨੇ ਜਾਂਚ ਦਾ ਜਿੰਮਾ ਏ.ਡੀ.ਸੀ. ਨੂੰ ਸੌਂਪ ਦਿੱਤਾ | ਡਿਪਟੀ ਕਮਿਸ਼ਨਰ ਨੇ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਧਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਦੋ ਦਿਨਾਂ ਦੀ ਸੂਬੇ ਭਰ ਵਿਚ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ, ਜੇਕਰ ਦੋ ਦਿਨਾਂ ਵਿਚ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪੰਜਾਬ ਹਰਿਆਣਾ ਦੇ ਸਾਰੇ ਵਕੀਲਾਂ ਨਾਲ ਰਲ ਕੇ ਤਰਨਤਾਰਨ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ |