ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸੀਨੀਅਰ ਸਿਟੀਜ਼ਨ ਓਪਨ ਨੈਸ਼ਨਲ ਐਥਲੀਟ ਚੈਂਪੀਅਨਸ਼ਿਪ 2025 ਪਿਛਲੇ ਦਿਨੀਂ ਅਸਮਾਨੀਆਂ ਯੂਨੀਵਰਸਿਟੀ ਸਿਕੰਦਾਬਾਦ (ਹੈਦਰਾਬਾਦ) ਵਿਖੇ ਹੋਈ | ਇਸ ਮੌਕੇ 70 ਸਾਲ ਤੋਂ ਵੱਧ ਉਮਰ ਵਰਗ 'ਚ ਡਾ. ਗੁਰਿੰਦਰਜੀਤ ਸਿੰਘ ਢਿੱਲੋਂ (ਸਕਿੱਨ ਸਪੈਸ਼ਲਿਸਟ) ਰਿਟਾ. ਡਿਪਟੀ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ ਸਪੁੱਤਰ ਸਵ. ਪਿ੍ੰਸੀਪਲ ਕਰਤਾਰ ਸਿੰਘ ਢਿੱਲੋਂ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਜੈਵਲਿਨ ਥਰੋ੍ਹ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਜਿੱਤਿਆ | ਇਸ ਤਰ੍ਹਾਂ ਹੀ ਸ਼ਾਟਪੁੱਟ ਮੁਕਾਬਲੇ 'ਚ ਸਿਲਵਰ ਤਗ਼ਮਾ ਤੇ ਹੈਮਰ ਥਰੋ੍ਹ ਵਿਚ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਡਾ. ਢਿੱਲੋਂ ਹੁਣ ਤੱਕ ਕਈ ਸੂਬਿਆਂ ਵਿਚ ਵੱਖ-ਵੱਖ ਖੇਡਾਂ 'ਚ ਭਾਗ ਲੈ ਚੁੱਕੇ ਹਨ ਤੇ 500 ਤੋਂ ਵੱਧ ਤਗ਼ਮੇ ਪ੍ਰਾਪਤ ਕਰ ਚੁੱਕੇ ਹਨ | ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਡਿਸਪੈਂਸਰੀ 'ਚ ਹਰ ਐਤਵਾਰ ਸਕਿੱਨ ਦੇ ਮਰੀਜ਼ਾਂ ਨੂੰ ਮੁਫ਼ਤ ਵੇਖਦੇ ਹਨ ਤੇ ਇਲਾਜ ਕਰਦੇ ਹਨ | ਇਨ੍ਹਾਂ ਦੇ ਸਪੁੱਤਰ ਡਾ. ਅਲਮਜੀਤ ਸਿੰਘ ਢਿੱਲੋਂ ਸਕਿੱਨ ਸਪੈਸ਼ਲਿਸਟ ਵੀ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਆਪਣੇ ਨਿੱਜੀ ਹਸਪਤਾਲ ਰਾਹੀਂ ਸੇਵਾਵਾਂ ਦੇ ਰਹੇ ਹਨ | ਡਾ. ਜੀ.ਐੱਸ. ਢਿੱਲੋਂ ਦੀ ਇਸ ਪ੍ਰਾਪਤੀ 'ਤੇ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਗੁਰਸੰਤ ਸਿੰਘ ਬਰਾੜ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਡਾ. ਕਰਨੈਲ ਸਿੰਘ ਬਰਾੜ, ਦਿਲਬਾਗ ਸਿੰਘ ਲੰਬੀਢਾਬ ਰਿਟਾ. ਡੀ.ਪੀ.ਈ., ਸ਼ਮਸ਼ੇਰ ਸਿੰਘ ਬਰਾੜ ਉਦੇਕਰਨ ਰਿਟਾ. ਏ.ਈ.ਓ., ਜੋਗਿੰਦਰ ਸਿੰਘ ਹਰਾਜ ਰਿਟਾ. ਏ.ਈ.ਓ., ਜਸਵਿੰਦਰ ਸਿੰਘ ਰਿੰਕੂ ਕਮਰਾ ਸਮੇਤ ਸ਼ਹਿਰ ਦੇ ਹੋਰ ਮੁਹਤਬਰਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਅੱਜ-ਕੱਲ੍ਹ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ |