ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਚੌਥੇ ਦਿਨ ਵੀ ਸੰਘਣੀ ਧੁੰਦ ਜਾਰੀ ਰਹੀ ਤੇ ਸਾਰਾ ਇਲਾਕਾ ਧੁੰਦ ਦੀ ਚਿੱਟੀ ਚਾਦਰ 'ਚ ਲਿਪਟਿਆ ਰਿਹਾ, ਜਿਸ ਕਾਰਨ ਆਵਾਜਾਈ ਬੇਹੱਦ ਪ੍ਰਭਾਵਿਤ ਹੋ ਰਹੀ ਹੈ | ਰੋਜ਼ਾਨਾ ਕੰਮਕਾਜ 'ਤੇ ਜਾਣ ਵਾਲਿਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਗੱਡੀਆਂ ਦੇ ਚਾਲਕ ਹਾਦਸਿਆਂ ਤੋਂ ਬਚਣ ਲਈ ਲਾਈਟਾਂ ਜਗਾ ਕੇ ਚੱਲ ਰਹੇ ਹਨ | ਸਕੂਲੀ ਵੈਨਾਂ ਤੇ ਬੱਸਾਂ ਵੀ ਨਿਰਧਾਰਿਤ ਸਮਿਆਂ ਤੋਂ ਲੇਟ ਹੋ ਰਹੀਆਂ ਹਨ | ਠੰਢ ਨੇ ਵੀ ਜ਼ੋਰ ਫ਼ੜ੍ਹ ਲਿਆ ਹੈ | ਸੰਘਣੀ ਧੁੰਦ ਨੇ ਸ਼ਹਿਰੀ ਖੇਤਰਾਂ 'ਚ ਵੀ ਆਪਣਾ ਰੰਗ ਵਿਖਾਇਆ ਤੇ ਬਾਹਰ ਵਾਰ ਸੜਕਾਂ 'ਤੇ ਨੇੜੇ ਤੋਂ ਵੀ ਕੁਝ ਵਿਖਾਈ ਨਹੀਂ ਦਿੰਦਾ | ਪਿਛਲੇ ਚਾਰ ਦਿਨਾਂ ਤੋਂ ਸ਼ੁਰੂ ਹੋਈ ਧੁੰਦ ਲਗਾਤਾਰ ਜਾਰੀ ਹੈ | ਪਿੰਡਾਂ ਦੀਆਂ ਲਿੰਕ ਸੜਕਾਂ ਜਿੱਥੇ ਸੇਮ ਨਾਲਿਆਂ ਤੇ ਸੂਇਆਂ ਦੇ ਪੁਲ ਘੋਨੇ ਹਨ ਤੇ ਕਿਸੇ ਪਾਸੇ ਐਂਗਲਾਂ ਨਹੀਂ ਲੱਗੀਆਂ, ਉਨ੍ਹਾਂ ਸੜਕਾਂ 'ਤੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਸੇ ਉਚੇਚਾ ਧਿਆਨ ਦਿੱਤਾ ਜਾਵੇ |