ਸ੍ਰੀ ਮੁਕਤਸਰ ਸਾਹਿਬ, 20 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਝਬੇਲਵਾਲੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਮੌਕੇ ਪ੍ਰੀ-ਪ੍ਰਾਇਮਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਮੁਖੀ ਚਰਨਜੀਤ ਸਿੰਘ ਨੇ ਇਸ ਮਿਲਣੀ ਦੀ ਸ਼ੁਰੂਆਤ ਸਮੇਂ ਬੱਚਿਆਂ ਦੇ ਮਾਪਿਆਂ ਦਾ ਸਵਾਗਤ ਕਰਦਿਆਂ ਪਿਛਲੇ ਕੁਝ ਸਮੇਂ ਵਿਚ ਸਕੂਲ ਚੰਗੇ ਕੰਮਾਂ ਅਤੇ ਸਰਕਾਰ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਪੈਨਲ 'ਤੇ ਇਕ ਪੀ.ਪੀ.ਟੀ. ਰਾਹੀਂ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਦੀ ਆਪਸੀ ਸਾਂਝ ਬਾਰੇ ਵੀਡੀਓ ਮਾਪਿਆਂ ਨਾਲ ਸ਼ੇਅਰ ਕੀਤਾ ਗਿਆ | ਇਸ ਮੌਕੇ ਮਾਪਿਆਂ ਦੀਆਂ ਬੱਚਿਆਂ ਨਾਲ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਪਿਛਲੇ ਮਹੀਨੇ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਸਤੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਾਫ਼ ਤੇ ਪੂਰੀ ਵਰਦੀ, ਸਾਫ਼-ਸੁਥਰਾ ਹੋਮ ਵਰਕ ਤੇ ਅਨੁਸਾਸ਼ਨ ਵਿਚ ਰਹਿਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਾਖ਼ਲਾ ਡੈਸਕ ਲਗਾ ਕੇ ਆਮ ਲੋਕਾਂ ਨੂੰ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਮੌਕੇ 'ਤੇ ਹਾਜ਼ਰ ਮਾਪਿਆਂ ਦੇ ਇਕ ਸੁਝਾਅ ਬਾਕਸ ਰਾਹੀਂ ਲਿਖ਼ਤੀ ਸੁਝਾਅ ਵੀ ਲਏ ਗਏ | ਇਸ ਮੌਕੇ ਸਕੂਲ ਸਟਾਫ਼ ਬੇਅੰਤ ਕੌਰ, ਨੀਰਜ ਕੁਮਾਰ, ਸੁਖਵਿੰਦਰ ਸਿੰਘ, ਗੁਰਜੀਤ ਕੌਰ, ਅਮਨਦੀਪ ਕੌਰ ਬਰਾੜ ਅਤੇ ਅਮਨਦੀਪ ਕੌਰ ਭੁੱਲਰ ਹਾਜ਼ਰ ਸਨ |