ਕੋਟਕਪੂਰਾ, 22 ਦਸੰਬਰ (ਮੋਹਰ ਸਿੰਘ ਗਿੱਲ)-ਪਿੰਡ ਸਿੱਖਾਂਵਾਲਾ ਵਿਖੇ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 15ਵਾਂ ਕਾਸਕੋ ਕਿ੍ਕਟ ਟੂਰਨਾਮੈਂਟ ਖੇਡ ਗਰਾਊਾਡ ਪਿੰਡ ਸਿੱਖਾਂ ਵਾਲਾ ਵਿਖੇ ਕਰਵਾਇਆ ਗਿਆ | ਟੂਰਨਾਮੈਂਟ ਦੇ ਆਖ਼ਰੀ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਨੌਜਵਾਨਾਂ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਤੰਦਰੁਸਤ ਨੌਜਵਾਨ ਹੀ ਦੇਸ਼ ਦੀ ਅਸਲੀ ਤਾਕਤ ਹੁੰਦੇ ਹਨ | ਸਪੀਕਰ ਸੰਧਵਾਂ ਵਲੋਂ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਸਿੱਖਾਂਵਾਲਾ ਨੂੰ ਖੇਡ ਗਰਾਊਾਡ ਨਾਲ ਸਬੰਧਿਤ ਵਿਕਾਸ ਕਾਰਜਾਂ ਲਈ ਦੋ ਲੱਖ ਰੁਪਏ ਦਾ ਸੈਕਸ਼ਨ ਲੈਟਰ ਜਾਰੀ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਭਵਿੱਖ ਵਿਚ ਵੀ ਖੇਡਾਂ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਕਲੱਬ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਗਜੀਤ ਸਿੰਘ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਕਲੱਬ ਵਲੋਂ ਖੇਡ ਗਰਾਊਾਡ ਨਾਲ ਜੁੜੀਆਂ ਕੁਝ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਬਾਰੇ ਸੰਧਵਾਂ ਨੇ ਸਬੰਧਿਤ ਵਿਭਾਗ ਨੂੰ ਤੁਰੰਤ ਐਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ | ਕਲੱਬ ਮੈਂਬਰਾਂ ਨੇ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ 22,000 ਰੁਪਏ, ਦੂਜੇ ਨੰਬਰ ਦੀ ਟੀਮ ਨੂੰ 12,000 ਰੁਪਏ ਅਤੇ ਤੀਜੇ ਤੇ ਚੌਥੇ ਸਥਾਨ ਲਈ 3100-3100 ਰੁਪਏ ਦੇ ਨਕਦ ਇਨਾਮ ਐਨ.ਆਰ.ਆਈ ਵਲੋਂ ਦਿੱਤੇ ਗਏ | ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਸਰਪੰਚ ਹਰਬੰਸ ਸਿੰਘ, ਪਿੰਡ ਚਮੇਲੀ ਦੇ ਸਰਪੰਚ ਦਿਲਬਾਗ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਗੁਰਚਰਨ ਸਿੰਘ, ਚੰਨਾ ਸੰਧੂ, ਨਿਰਮਲ ਸਿੰਘ ਢਿੱਲੋਂ, ਰਣਧੀਰ ਸਿੰਘ, ਰਣਬੀਰ ਸਿੰਘ ਖ਼ਾਲਸਾ, ਸਰਦੂਲ ਸਿੰਘ ਨੰਬਰਦਾਰ, ਹੈਪੀ ਚਮੇਲੀ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ |