ਮਲੋਟ, 2 ਨਵੰਬਰ (ਪਾਟਿਲ)-ਸ਼ੋ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 755ਵੇਂ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਗੁਰਦੁਆਰਾ ਬਾਬਾ ਨਾਮਦੇਵ ਜੀ ਮਲੋਟ ਵਿਖੇ ਸਮੂਹ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਨਾਮਦੇਵ ਜੀ ਮਲੋਟ ਦੇ ਸਹਿਯੋਗ ਨਾਲ ਕਰਵਾਏ ਗਏ | ਮੁੱਖ ਸੇਵਾਦਾਰ ਭਾਈ ਗੁਰਤੇਜ ਸਿੰਘ, ਭਾਈ ਜਸਵੰਤ ਸਿੰਘ ਖ਼ਾਲਸਾ ਤੇ ਹੈੱਡ ਗ੍ਰੰਥੀ ਭਾਈ ਅੰਗਰੇਜ਼ ਸਿੰਘ ਖ਼ਾਲਸਾ ਨੇ ਦੱਸਿਆ ਕਿ ਬੀਤੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਤੇ 1 ਨਵੰਬਰ ਨੂੰ ਸ੍ਰੀ ਨਿਸ਼ਾਨ ਸਾਹਿਬ ਦੀ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ ਗਈ | ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਢਾਡੀ ਜਥਾ ਭਾਈ ਕੇਵਲ ਸਿੰਘ ਨਿਰਦੋਸ਼ ਵਲੋਂ ਸਵੇਰੇ 10:30 ਤੋਂ 12:30 ਵਜੇ ਤੱਕ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕੀਤਾ ਤੇ ਬਾਬਾ ਨਾਮਦੇਵ ਜੀ ਦੇ ਜੀਵਨ 'ਤੇ ਚਾਨਣਾ ਪਾਇਆ |