ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ 'ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ 'ਨਿਊ ਪੰਜਾਬ ਡੇ' ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ | ਸਕੂਲ 'ਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵਲੋਂ ਇਸ ਦਿਨ ਤੇ ਪੰਜਾਬ ਪ੍ਰਦੇਸ਼ ਨਾਲ ਸਬੰਧਿਤ ਬਹੁਤ ਹੀ ਖ਼ੂਬਸੂਰਤ ਚਾਰਟ ਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ | ਨਰਸਰੀ ਕਲਾਸ ਦੇ ਵਿਦਿਆਰਥੀਆਂ ਵਲੋਂ ਖ਼ੂਬਸੂਰਤ ਅੰਦਾਜ਼ 'ਚ ਮੂਲ-ਮੰਤਰ ਗਾਇਣ ਕੀਤਾ ਗਿਆ | ਦੂਸਰੀ ਕਲਾਸ ਦੀਆਂ ਬੱਚੀਆਂ ਨੇ ਪੁਰਾਤਨ ਪੰਜਾਬੀ ਵੇਸ-ਭੂਸ਼ਾ ਵਿਚ ਬਹੁਤ ਹੀ ਦਿਲਖਿੱਚਵਾਂ ਗਿੱਧਾ ਪਾਇਆ | ਨੌਵੀਂ ਬੀ ਕਲਾਸ ਦੀ ਗੁਰਸੀਰਤ ਕੌਰ ਸੰਧੂ ਨੇ ਪੰਜਾਬ ਦੇ ਅਜੋਕੇ ਹਾਲਾਤ ਬਿਆਨ ਕਰਦੀ ਇਕ ਕਵਿਤਾ ਸੁਣਾਈ | ਇਸ ਤੋਂ ਬਾਅਦ ਪੰਜਾਬੀਅਤ ਦੇ ਰੰਗ ਵਿਚ ਰੰਗੀਆਂ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਪਹਿਲਾਂ ਪੰਜਾਬੀ ਲੋਕ ਨਾਚ ਭੰਗੜਾ ਤੇ ਬਾਅਦ 'ਚ ਗਿੱਧਾ ਪੇਸ਼ ਕੀਤਾ ਜਿਸ ਨਾਲ ਮੌਜੂਦ ਵਿਦਿਆਰਥੀਆਂ ਅਤੇ ਸਟਾਫ਼ ਦੇ ਪੈਰ ਵੀ ਥਿਰਕਣ ਲੱਗੇ | ਸੱਤਵੀਂ ਕਲਾਸ ਦੇ ਗੁਰਪ੍ਰੇਮ ਤੇ ਰਣਵੀਰ ਨੇ ਪੁਰਾਤਨ ਪੰਜਾਬੀ ਸੰਗੀਤ ਨਾਲ ਜੁੜੇ ਦੋ ਸਾਜ਼ ਤੂੰਬੀ ਤੇ ਬੁਗਚੂ ਨਾਲ ਪੰਜਾਬੀ ਲੋਕ ਗੀਤ ਛੱਲਾ ਪੇਸ਼ ਕੀਤਾ | ਇਸ ਦਿਨ ਨਾਲ ਸਬੰਧਿਤ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਨਿਊ ਪੰਜਾਬ ਡੇ ਹਰ ਸਾਲ ਇਕ ਨਵੰਬਰ ਨੂੰ ਮਨਾਇਆ ਜਾਂਦਾ ਹੈ | ਉਪਰੰਤ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਅਤੇ ਪੰਜਾਬ ਦਾ ਵਿਰਸਾ ਬਹੁਤ ਹੀ ਡੂੰਘਾ ਹੈ | ਪੰਜਾਬ ਵਿਚ ਲਿਖਣ ਵਾਲੀ ਭਾਸ਼ਾ ਬਾਰੇ ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੋ ਕਿਤਾਬਾਂ ਅਸੀਂ ਪੜ੍ਹਦੇ ਆ ਰਹੇ ਹਾਂ ਉਹ ਟਕਸਾਲੀ ਭਾਸ਼ਾ ਵਿਚ ਹੈ | ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ 'ਤੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਦੱਸਿਆ ਕਿ ਸੰਸਥਾ ਵਿਚ ਇਹੋ ਜਿਹੇ ਸਮਾਗਮ ਜੋ ਸਾਨੂੰ ਸਾਡੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ, ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਸਬੰਧੀ ਪੂਰੀ ਜਾਣਕਾਰੀ ਮਿਲਦੀ ਰਹੇ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |