ਬਰਗਾੜੀ, 2 ਨਵੰਬਰ (ਲਖਵਿੰਦਰ ਸ਼ਰਮਾ)-ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਵਿੱਤ ਸਕੱਤਰ ਮਾ. ਪੂਰਨ ਸਿੰਘ ਸਰਾਵਾਂ ਨੇ ਪਰਾਲੀ ਦੇ ਮਸਲੇ 'ਤੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਪਰਾਲੀ ਦਾ ਮਸਲੇ 'ਤੇ ਕਿਸਾਨਾਂ ਉੱਪਰ ਪਰਚੇ ਦਰਜ ਕਰਨ ਤੋਂ ਪਹਿਲਾਂ ਗਰੀਨ ਟਿ੍ਬਿਉਨਲ ਤੇ ਸੁਪਰੀਮ ਕੋਰਟ ਵਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰੇ | ਪ੍ਰਸ਼ਾਸਨ ਕੋਲ ਕਿਸਾਨਾਂ ਵਲੋਂ ਆਪਣੇ ਪੱਧਰ 'ਤੇ ਖਰੀਦੀ ਮਸ਼ੀਨਰੀ ਦੀ ਸਬਸਿਡੀ ਵਾਲੀ ਮਸ਼ੀਨਰੀ ਨੂੰ ਛੱਡ ਕੇ ਕੋਈ ਹੋਰ ਮਸ਼ੀਨਰੀ ਦਾ ਪ੍ਰਬੰਧ ਨਹੀਂ ਹੈ | ਪਰਾਲੀ ਦੀ ਸੰਭਾਲ ਲਈ ਕਿਸਾਨਾਂ ਵਲੋਂ ਖੁਦ ਕੀਤੇ ਪ੍ਰਬੰਧਾਂ ਕੋਲ ਖੜ੍ਹ ਕੇ ਪ੍ਰਸ਼ਾਸਨ ਸਿਰਫ ਫੋਟੋ ਕਰਵਾ ਕੇ ਆਪਣੀ ਵਾਹ ਵਾਹ ਖੱਟਣ ਵਿਚ ਮਸ਼ਰੂਫ ਹੈ | ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਦਾ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਨੁਕਸਾਨ ਖੁਦ ਅੱਗ ਲਗਾਉਣ ਵਾਲੇ ਕਿਸਾਨ ਨੂੰ ਹੈ ਪਰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾਉਣਾ ਕਿਸਾਨ ਦੀ ਮਜਬੂਰੀ ਹੈ | ਕਣਕ ਬੀਜਣ ਦਾ ਸਮਾਂ ਸਿਰਫ ਨਵੰਬਰ ਦੇ ਪਹਿਲੇ ਹਫਤੇ ਹੀ ਹੁੰਦਾ ਹੈ ਤੇ ਸਾਰੀ ਪਰਾਲੀ ਨੂੰ ਸੰਭਾਲਨ ਲਈ ਮਸ਼ੀਨਰੀ ਦੀ ਬਹੁਤ ਵੱਡੀ ਘਾਟ ਹੈ ਜਿਸ ਕਾਰਨ ਸਾਰੀ ਪਰਾਲੀ ਦੀਆਂ ਗੱਠਾਂ ਆਦਿ ਬਣਾਈਆਂ ਜਾਣੀਆਂ ਸੰਭਵ ਨਹੀਂ ਹਨ | ਕਿਸਾਨ ਕੋਲ ਸਹੀ ਸਮੇਂ 'ਤੇ ਕਣਕ ਦੀ ਬਿਜਾਈ ਕਰਨ ਲਈ ਸਮੇਂ ਦੀ ਬਹੁਤ ਘਾਟ ਹੁੰਦੀ ਹੈ ਜਿਸ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ | ਕਿਸਾਨ ਆਗੂ ਨੇ ਸਰਕਾਰ ਤੋਂ ਪੁਰਜ਼ੋਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਪਰਾਲੀ ਦੀ ਸ਼ਾਂਭ ਸੰਭਾਲ ਲਈ ਵੱਧ ਤੋਂ ਵੱਧ ਮਸ਼ੀਨਰੀ ਤੇ ਕਿਸਾਨਾਂ ਨੂੰ ਤੁਰੰਤ ਵਿੱਤੀ ਸਹਾਇਤਾ ਦਾ ਪ੍ਰਬੰਧ ਕਰੇ |