ਜ਼ੀਰਾ, 28 ਦਸੰਬਰ(ਰਜਨੀਸ਼ ਕਥੂਰੀਆ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਅਤੇ ਚਮਕੌਰ ਸਾਹਿਬ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ ਨਗਰ ਕੀਰਤਨ ਸ਼ਰਧਾ ਅਤੇ ਉਤਸ਼ਾਹ ਨਾਲ 1 ਜਨਵਰੀ 2026 ਦਿਨ ਵੀਰਵਾਰ ਨੂੰ ਕੱਢਿਆ ਜਾਵੇਗਾ | ਇਹ ਜਾਣਕਾਰੀ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਪੰਜਾਬ (ਚੰਡੀਗੜ੍ਹ) ਦੇ ਉਪ ਚੇਅਰਮੈਨ ਸਰਪੰਚ ਕੈਪਟਨ ਸਵਰਨ ਸਿੰਘ ਸ਼ਾਹਵਾਲਾ ਨੇ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸ਼ਾਹਵਾਲਾ ਰੋਡ ਜ਼ੀਰਾ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗਾ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜ਼ੀਰਾ ਸ਼ਹਿਰ, ਘੰਟਾਘਰ ਚੌਂਕ, ਕੱਚਾ ਗਾਦੜੀਵਾਲਾ ਰੋਡ, ਗਾਦੜੀਵਾਲਾ, ਫੇਰੋ ਕੇ ਬੱਸ ਸਟੈਂਡ, ਮਿਹਰ ਸਿੰਘ ਵਾਲਾ, ਮਰਖਾਈ, ਕੱਸੋਆਣਾ, ਨੀਲੇਵਾਲਾ, ਵਕੀਲਾਂ ਵਾਲਾ, ਮਹੀਆਂਵਾਲਾ ਕਲਾਂ, ਲਹਿਰਾ ਰੋਹੀ ਤੋਂ ਹੁੰਦਾ ਹੋਇਆ ਫਿਰੋਜ਼ਪੁਰ ਰੋਡ (ਪੁਲ ਦੇ ਹੇਠਾਂ ਦੀ ਰਾਹੀਂ) ਵਾਪਸ ਜ਼ੀਰਾ ਪਹੁੰਚ ਕੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੋਂ ਆਪਣੇ ਨਿੱਜੀ ਸਥਾਨ ਵੱਲ ਰਵਾਨਾ ਹੋਵੇਗਾ | ਕੈਪਟਨ ਸਵਰਨ ਸਿੰਘ ਸ਼ਾਹਵਾਲਾ ਨੇ ਹੋਰ ਦੱਸਿਆ ਕਿ ਨਗਰ ਕੀਰਤਨ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਟਰੱਸਟ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਮਹਾਨ ਨਗਰ ਕੀਰਤਨ ਦੀ ਰੌਣਕ ਵਧਾਈ ਜਾਵੇ |