ਦਮਦਮੀ ਟਕਸਾਲ ਸਮੇਤ ਕਈ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ ਜਥੇਦਾਰ ਗੜਗੱਜ ਦਾ ਤਿੱਖਾ ਵਿਰੋਧ
ਜਸਵੰਤ ਸਿੰਘ ਜੱਸ
ਅੰਮਿ੍ਤਸਰ, 31 ਮਈ-ਜੂਨ '84 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੇ ਤੀਜੇ ਘੱਲੂਘਾਰੇ ਦੀ 41ਵੀਂ ਵਰੇ੍ਹਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਮੌਕੇ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਅਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਨੂੰ ਲੈ ਕੇ ਦਮਦਮੀ ਟਕਸਾਲ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਸੰਭਾਵੀ ਵਿਰੋਧ ਨੂੰ ਦੇਖਦਿਆਂ ਸ਼ੋ੍ਰਮਣੀ ਕਮੇਟੀ ਇਨੀਂ ਦਿਨੀਂ ਪ੍ਰੇਸ਼ਾਨੀ ਦੇ ਆਲਮ 'ਚ ਹੈ | ਕੁਝ ਮਹੀਨੇ ਪਹਿਲਾਂ ਤਿੰਨ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀਆਂ ਸੇਵਾਵਾਂ ਸਮਾਪਤ ਕਰਨ ਉਪ੍ਰੰਤ ਸ਼ੋ੍ਰਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਦੇ ਨਿਯੁਕਤ ਕੀਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਅਤੇ ਸੇਵਾ ਸੰਭਾਲ ਨੂੰ ਲੈ ਕੇ ਸਿੱਖ ਪੰਥ ਦੀਆਂ ਕਈ ਜਥੇਬੰਦੀਆਂ ਵਲੋਂ ਅਜੇ ਤੱਕ ਉਨ੍ਹਾਂ ਨੂੰ ਜਥੇਦਾਰ ਵਜੋਂ ਮਾਨਤਾ ਨਹੀਂ ਦਿੱਤੀ ਗਈ | ਜ਼ਿਕਰਯੋਗ ਹੈ ਕਿ ਕਈ ਸਿੱਖ ਜਥੇਬੰਦੀਆਂ ਵਲੋਂ ਅਜੇ ਤੱਕ ਇਸ ਮਾਮਲੇ ਵਿਚ ਖੁੱਲ੍ਹ ਕੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਪਰ ਦਮਦਮੀ ਟਕਸਾਲ ਚੌਕ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋਂ ਅੱਜ ਸਪੱਸ਼ਟ ਐਲਾਨ ਕਰ ਦਿੱਤਾ ਗਿਆ ਕਿ ਉਹ ਕਿਸੇ ਵੀ ਹਾਲਤ ਵਿਚ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਨੂੰ 6 ਜੂਨ ਨੂੰ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਨਹੀਂ ਕਰਨ ਦੇਣਗੇ | ਦੂਜੇ ਪਾਸੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਸਮੇਤ ਹੋਰ ਕਈ ਪ੍ਰਮੁੱਖ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਵੀ ਅਜੇ ਤੱਕ ਗਿਆਨੀ ਗੜਗੱਜ ਨੂੰ ਪੰਥ ਪ੍ਰਵਾਨਤ ਜਥੇਦਾਰ ਵਜੋਂ ਮਾਨਤਾ ਨਹੀਂ ਦਿੱਤੀ ਗਈ, ਇਸ ਲਈ ਉਨ੍ਹਾਂ ਵਲੋਂ ਵੀ ਸ਼ਹੀਦੀ ਸਮਾਗਮ ਮੌਕੇ ਗਿਆਨੀ ਗੜਗੱਜ ਵਲੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਨੂੰ ਪ੍ਰਵਾਨ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ | ਦਲ ਖ਼ਾਲਸਾ ਅਤੇ ਜਥੇਦਾਰ ਭਾਈ ਹਵਾਰਾ ਕਮੇਟੀ ਸਮੇਤ ਹੋਰ ਕਈ ਗਰਮ ਖਿਆਲੀ ਸਿੱਖ ਜਥੇਬੰਦੀਆਂ ਪਹਿਲਾਂ ਹੀ ਸ਼ੋ੍ਰਮਣੀ ਕਮੇਟੀ ਵਲੋਂ ਨਿਯੁਕਤ ਕੀਤੇ ਨਵੇਂ ਜਥੇਦਾਰਾਂ ਨੂੰ ਮਾਨਤਾ ਨਾ ਦਿੱਤੇ ਜਾਣ ਬਾਰੇ ਸਪੱਸ਼ਟ ਕਰ ਚੁੱਕੀਆਂ ਹਨ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਸੰਗਤਾਂ ਨੂੰ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਘੱਲੂਘਾਰਾ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਾਅਰੇਬਾਜ਼ੀ ਨਾ ਕਰਨ ਤੇ ਮਰਿਯਾਦਾ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਹੈ | ਇਸੇ ਦੌਰਾਨ ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕਿਹਾ ਕਿ ਕਿਉਂਕਿ ਬਹੁਤੀਆਂ ਸਿੱਖ ਜਥੇਬੰਦੀਆਂ ਨੇ ਅਜੇ ਤੱਕ ਗਿਆਨੀ ਗੜਗੱਜ ਨੂੰ ਜਥੇਦਾਰ ਵਜੋਂ ਪ੍ਰਵਾਨ ਨਹੀਂ ਕੀਤਾ, ਇਸ ਲਈ ਕਿਸੇ ਵੀ ਤਰ੍ਹਾਂ ਦੇ ਵਿਰੋਧ ਅਤੇ ਟਕਰਾਅ ਨੂੰ ਟਾਲਣ ਲਈ ਸ਼੍ਰੋ੍ਰਮਣੀ ਕਮੇਟੀ ਨੂੰ ਇਸ ਵਾਰ ਘੱਲੂਘਾਰਾ ਦਿਵਸ ਮੌਕੇ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਕਰਨ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸੌਂਪ ਦੇਣੀ ਚਾਹੀਦੀ ਹੈ | ਇਸ ਦੌਰਾਨ ਕੰਵਰਪਾਲ ਸਿੰਘ ਤੇ ਜਥੇਦਾਰ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀਆਂ ਹੋਰ ਕਈ ਸਿੱਖ ਜਥੇਬੰਦੀਆਂ ਵਾਂਗ ਹੀ ਉਨ੍ਹਾਂ ਦੀਆਂ ਜਥੇਬੰਦੀਆਂ ਵਲੋਂ ਵੀ ਭਾਵੇਂ ਗਿਆਨੀ ਗੜਗੱਜ ਨੂੰ ਮਾਨਤਾ ਨਹੀਂ ਦਿੱਤੀ ਗਈ, ਪਰ ਉਹ ਸ੍ਰੀ ਅਕਾਲ ਤਖਤ 'ਤੇ ਕਿਸੇ ਵੀ ਕਿਸਮ ਦੀ ਨਾਅਰੇਬਾਜ਼ੀ ਕਰਕੇ ਮਰਯਾਦਾ ਦੇ ਉਲੰਘਣ ਕਰਨ ਦੇ ਵੀ ਹੱਕ ਵਿਚ ਨਹੀਂ ਹਨ | ਇਸ ਲਈ ਸ਼ੋ੍ਰਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਬਾਰੇ ਸਮਾਂ ਰਹਿੰਦਿਆਂ ਕੋਈ ਯੋਗ ਫੈਸਲਾ ਲਿਆ ਜਾਵੇ ਤਾਂ ਕਿ ਘੱਲੂਘਾਰਾ ਸਮਾਗਮ ਸ਼ਰਧਾ ਸਤਿਕਾਰ ਤੇ ਮਰਯਾਦਾ ਨਾਲ ਮਨਾਇਆ ਜਾ ਸਕੇ | ਦੂਜੇ ਪਾਸੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਧਾਮੀ ਤੇ ਅਧਿਕਾਰੀਆਂ ਵਲੋਂ ਘੱਲੂਘਾਰਾ ਦਿਵਸ ਮੌਕੇ ਕਿਸੇ ਸੰਭਾਵੀ ਟਕਰਾਅ ਨੂੰ ਟਾਲਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਪੰਥਕ ਹਲਕਿਆਂ ਦੀਆਂ ਨਜ਼ਰਾਂ ਹੁਣ ਤੋਂ ਹੀ 6 ਜੂਨ ਦੇ ਘੱਲੂੁਘਾਰਾ ਸ਼ਹੀਦੀ ਸਮਾਗਮ ਵੱਲ ਲੱਗੀਆਂ ਹੋਈਆਂ ਹਨ |
ਜਥੇਦਾਰ ਗੜਗੱਜ ਤੇ ਸ਼ੋ੍ਰਮਣੀ ਕਮੇਟੀ ਲਈ 'ਪਰਖ ਦੀ ਘੜੀ' ਸਾਬਿਤ ਹੋਵੇਗਾ 6 ਜੂਨ ਦਾ ਘੱਲੂਘਾਰਾ ਸਮਾਗਮ <br/>
ਅਜੀਤ ਡੈਸਕ
01-06-2025