ਸਰਕਾਰ ਨੇ ਜੰਗ ਜਿੱਤ ਲਈ ਜਾਂ ਇਕ ਪਾਸੜ ਜੰਗਬੰਦੀ ਕਰ ਲਈ-ਰਾਜਾ ਵੜਿੰਗ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 31 ਮਈ- ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦਿੱਤੀ 'ਡੈਡ ਲਾਈਨ' ਅੱਜ ਖ਼ਤਮ ਹੋ ਗਈ ਹੈ | ਇਸ ਮਾਮਲੇ 'ਚ ਹੁਣ ਪੰਜਾਬ ਕਾਂਗਰਸ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਸਰਕਾਰ ਦੀ 'ਨਸ਼ਿਆਂ ਵਿਰੁੱਧ ਜੰਗ' ਦੀ ਸਥਿਤੀ ਬਾਰੇ ਪੁੱਛਿਆ ਹੈ, ਕਿਉਂਕਿ 31 ਮਈ ਦੀ ਅਖਰੀ ਤਾਰੀਖ਼ ਅੱਜ ਖ਼ਤਮ ਹੋ ਗਈ ਹੈ | ਉਨ੍ਹਾਂ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਨਸ਼ਿਆਂ ਵਿਰੁੱਧ ਜੰਗ ਜਿੱਤ ਲਈ ਗਈ ਹੈ, ਜਾਂ ਤੁਸੀਂ ਅੱਜ ਆਖ਼ਰੀ ਤਾਰੀਖ਼ ਖ਼ਤਮ ਹੋਣ ਤੋਂ ਬਾਅਦ ਇਕ ਪਾਸੜ ਜੰਗਬੰਦੀ ਦਾ ਐਲਾਨ ਕੀਤਾ ਹੈ?
ਕੀ ਹੁਣ ਸਰਕਾਰ ਵਾਅਦਾ ਕਰੇਗੀ ਕਿ ਨਸ਼ੇ ਨਾਲ ਕੋਈ ਨੌਜਵਾਨ ਨਹੀਂ ਮਰੇਗਾ-ਬਾਜਵਾ
ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀ ਡੈਡ ਲਾਈਨ ਖ਼ਤਮ ਹੋ ਗਈ ਹੈ ਤੇ ਹੁਣ ਸਰਕਾਰ ਦੱਸੇ ਕਿ ਜੇ 'ਜੰਗ' ਸੱਚਮੁੱਚ ਜਿੱਤ ਗਈ ਹੈ, ਤਾਂ ਪੰਜਾਬ ਦੇ ਲੋਕ ਚਾਹੁਣਗੇ ਕਿ ਤੁਸੀਂ ਖ਼ੁਦ ਵੱਡਾ ਐਲਾਨ ਕਰੋ | ਉਨ੍ਹਾਂ ਕਿਹਾ ਕਿ ਹੁਣ ਸਰਕਾਰ ਅਤੇ ਖ਼ਾਸ ਕਰ ਮੁੱਖ ਮੰਤਰੀ ਨੂੰ ਅੱਗੇ ਹੋ ਕੇ ਇਹ ਵਾਅਦਾ ਵੀ ਕਰਨਾ ਚਾਹੀਦਾ ਹੈ ਕਿ ਹੁਣ ਅੱਜ ਤੋਂ ਬਾਅਦ ਨਾ ਪੰਜਾਬ ਵਿਚ ਨਸ਼ਿਆਂ ਦਾ ਨਾਮ ਰਹੇਗਾ ਨਾ ਹੀ ਕਿਸੇ ਨੌਜਵਾਨ ਦੀ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤ ਹੋਵੇਗੀ |
'ਆਪ' ਸਰਕਾਰ ਨਸ਼ਿਆਂ ਨੂੰ ਖਤਮ ਕਰਨ 'ਚ ਪੂਰੀ ਤਰ੍ਹਾਂ ਨਾਕਾਮ-ਰੰਧਾਵਾ
ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਸੋਚਿਆ ਤੁਹਾਨੂੰ ਯਾਦ ਕਰਵਾ ਦੇਵਾਂ ਕਿ ਅੱਜ 31 ਮਈ ਹੈ | ਉਨ੍ਹਾਂ ਕਿਹਾ ਕਿ ਹੁਣ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਖ਼ਤਮ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਅਤੇ ਹੁਣ ਜੇ ਆਪਣੀ ਸਫਲਤਾ ਦਾ ਠੀਕਰਾ ਅਫ਼ਸਰਾਂ ਦੇ ਉੱਤੇ ਭੰਨਦੇ ਹੋਏ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰੋਗੇ ਤਾਂ ਤੁਹਾਡਾ ਖ਼ੁਦ ਦਾ ਹੀ ਮਜ਼ਾਕ ਬਣੇਗਾ |
ਜੇਕਰ ਹੁਣ ਕੋਈ ਨਸ਼ਿਆਂ ਦਾ ਕੇਸ ਆਇਆ ਤਾਂ ਸਰਕਾਰ ਪੰਜਾਬੀਆਂ ਤੋਂ ਮੁਆਫ਼ੀ ਮੰਗੇ-ਦੂਲੋਂ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਨਸ਼ਾ ਖਤਮ ਕਰਨ ਦੀ ਸਰਕਾਰ ਵਲੋਂ ਦਿੱਤੀ ਡੈਡਲਾਈਨ ਖ਼ਤਮ ਹੋ ਗਈ ਹੈ ਤੇ ਹੁਣ ਜੇਕਰ ਸਾਡਾ ਕੋਈ ਬੱਚਾ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਜਾਂਦਾ ਹੈ ਜਾਂ ਕੋਈ ਨਸ਼ਿਆਂ ਦਾ ਕੇਸ ਆਉਂਦਾ ਹੈ ਤਾਂ ਸਰਕਾਰ ਪੰਜਾਬੀਆਂ ਤੋਂ ਮਾਫੀ ਮੰਗੇ ਅਤੇ ਕਬੂਲ ਕਰੇ ਕਿ ਅਸੀਂ ਝੂਠਾ ਪ੍ਰਚਾਰ ਕੀਤਾ ਸੀ |
ਪੰਜਾਬ ਕਾਂਗਰਸ ਦਾ 'ਆਪ' ਸਰਕਾਰ ਨੂੰ ਸਵਾਲ ਕੀ ਨਸ਼ਿਆਂ ਵਿਰੁੱਧ ਜੰਗ ਜਿੱਤ ਲਈ ਹੈ? <br/>
ਅਜੀਤ ਡੈਸਕ
01-06-2025