29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

1993 ਦੇ ਫ਼ਰਜ਼ੀ ਪੁਲਿਸ ਮੁਕਾਬਲੇ 'ਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਸਜ਼ਾ <br/>

Ad Position 21
No active advertisement
ਅਜੀਤ ਡੈਸਕ 01-06-2025

• ਤਤਕਾਲੀ ਇੰਸਪੈਕਟਰ ਤੇ ਸਬ-ਇੰਸਪੈਕਟਰ ਨੂੰ 8 ਸਾਲਾਂ ਦੀ ਸਖ਼ਤ ਕੈਦ ਤੇ ਜੁਰਮਾਨੇ • ਏ. ਐਸ. ਆਈ. ਨੂੰ 3 ਸਾਲਾਂ ਦੀ ਕੈਦ
ਐੱਸ. ਏ. ਐੱਸ. ਨਗਰ, 31 ਮਈ (ਕਪਿਲ ਵਧਵਾ)-ਮੁਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਸਾਲ 1993 ਦੇ ਇਕ ਪੁਲਿਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ 3 ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਇਹ ਮਾਮਲਾ 27 ਮਾਰਚ 1993 ਨੂੰ ਕਪੂਰਥਲਾ ਵਿਖੇ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਏ. ਐੱਸ. ਆਈ. ਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿੰਡ ਰਾਵਲਪਿੰਡੀ ਤੋਂ ਪਲਵਿੰਦਰ ਸਿੰਘ ਉਰਫ਼ ਪੱਪੂ ਨੂੰ ਚੁੱਕਿਆ ਅਤੇ ਉਸੇ ਦਿਨ ਥਾਣਾ ਰਾਵਲਪਿੰਡੀ ਦੇ ਐੱਸ.ਐੱਚ.ਓ. ਇੰਸਪੈਕਟਰ ਮਨਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਫਗਵਾੜਾ ਦੇ ਪਿੰਡ ਢੱਡੇ ਦੇ ਰਹਿਣ ਵਾਲੇ ਬਲਬੀਰ ਸਿੰਘ ਨੂੰ ਵੀ ਉਸ ਦੇ ਘਰੋਂ ਚੁੱਕਿਆ ਸੀ | ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਕੁਝ ਦਿਨ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਤੋਂ ਬਾਅਦ 3 ਅਪ੍ਰੈਲ ਨੂੰ ਉਨ੍ਹਾਂ ਦੀ ਗਿ੍ਫ਼ਤਾਰੀ ਇਕ ਚੋਰੀ ਤੇ ਡਕੈਤੀ ਦੇ ਕੇਸ ਵਿਚ ਦਿਖਾਈ ਸੀ, ਜਿਸ ਵਿਚ ਪੁਲਿਸ ਨੇ ਲੁੱਟੇ ਗਏ ਸਾਮਾਨ ਦੀ ਬਰਾਮਦੀ ਵੀ ਦਿਖਾਈ ਸੀ | ਫਰਜ਼ੀ ਮੁਕਾਬਲਾ ਬਣਾਉਣ ਲਈ ਦੋਵਾਂ ਨੌਜਵਾਨਾਂ ਦੀ ਨਿਸ਼ਾਨਦੇਹੀ 'ਤੇ ਅਸਲਾ ਤੇ ਬਾਰੂਦ ਦੀ ਬਰਾਮਦਗੀ ਕਰਨ ਗਈ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚੋਂ ਭਗੌੜਾ ਕਰਾਰ ਦਿੰਦਿਆਂ ਇਕ ਐੱਫ.ਆਈ.ਆਰ. ਵੀ ਦਰਜ ਕੀਤੀ ਸੀ | ਇਸ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਮੋਹਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੋਵਾਂ ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ | ਇਸ ਮਾਮਲੇ ਵਿਚ ਸੀ.ਬੀ.ਆਈ. ਨੇ ਸਾਲ 2005 ਵਿਚ ਐੱਫ. ਆਈ. ਆਰ. ਦਰਜ ਕੀਤੀ ਸੀ | ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਰਾਜੇਸ਼ ਕੁਮਾਰ ਖਜੂਰੀਆ ਅਤੇ ਆਰ.ਸੀ. ਡੋਗਰਾ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਦੇ ਨਾਂਅ ਸਾਹਮਣੇ ਆਏ ਸਨ ਪਰ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਅਧਿਕਾਰੀਆਂ ਦਾ ਦਿਹਾਂਤ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਹੋ ਸਕੀ ਸੀ | ਇਸ ਤੋਂ ਬਾਅਦ ਮਾਮਲੇ ਦੀ ਜਾਂਚ ਪੂਰੀ ਹੋਣ 'ਤੇ ਸਾਲ 2011 'ਚ ਅਦਾਲਤ ਵਿਖੇ ਵੱਖ-ਵੱਖ ਧਾਰਾਵਾਂ ਤਹਿਤ 5 ਪੁਲਿਸ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ | ਇਸ ਕੇਸ ਦੀ ਸੀ.ਬੀ.ਆਈ. ਤਰਫੋਂ ਪੈਰਵਾਈ ਕਰ ਰਹੇ ਸਰਕਾਰੀ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ ਚਸ਼ਮਦੀਦਾਂ ਸਮੇਤ 33 ਗਵਾਹਾਂ ਦਾ ਹਵਾਲਾ ਚਾਰਜਸ਼ੀਟ ਵਿਚ ਦਿੱਤਾ ਗਿਆ ਸੀ | ਬਚਾਅ ਪੱਖ ਦੀ ਪੈਰਵਾਈ ਕਰ ਰਹੇ ਵਕੀਲ ਕੇ.ਐੱਸ. ਨਾਗਰਾ ਅਤੇ ਸਰਕਾਰੀ ਵਕੀਲ ਅਨਮੋਲ ਨਾਰੰਗ ਵਲੋਂ ਪੇਸ਼ ਕੀਤੀਆਂ ਦਲੀਲਾਂ ਸੁਣਨ ਉਪਰੰਤ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਅੱਜ ਕਾਂਸਟੇਬਲ ਹਰਜੀਤ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਬਰੀ ਕਰਾਰ ਦਿੱਤਾ, ਜਦਕਿ ਤਤਕਾਲੀ ਇੰਸਪੈਕਟਰ ਮਨਜੀਤ ਸਿੰਘ ਅਤੇ ਤਤਕਾਲੀ ਸਬ-ਇੰਸਪੈਕਟਰ ਗੁਰਮੇਜ ਸਿੰਘ ਨੂੰ ਆਈ. ਪੀ. ਸੀ. ਦੀ ਧਾਰਾ 364 (ਅਗਵਾ ਕਰਨ), 342 (ਨਾਜਾਇਜ਼ ਹਿਰਾਸਤ 'ਚ ਰੱਖਣ) ਅਤੇ 120 ਬੀ (ਅਪਰਾਧਿਕ ਸਾਜਿਸ਼) ਤਹਿਤ ਦੋਸ਼ੀ ਕਰਾਰ ਦਿੰਦਿਆਂ 8 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ | ਇਸ ਦੇ ਨਾਲ ਹੀ ਏ.ਐੱਸ.ਆਈ. ਕਰਮਜੀਤ ਸਿੰਘ ਨੂੰ ਧਾਰਾ 364, 342 ਅਤੇ 120 ਬੀ ਤਹਿਤ ਦੋਸ਼ੀ ਕਰਾਰ ਦਿੰਦਿਆਂ 3 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ | ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਮੁਆਵਜ਼ੇ ਵਜੋਂ ਪੀੜਤ ਪਰਿਵਾਰਾਂ ਨੂੰ ਦੇਣ ਦਾ ਹੁਕਮ ਵੀ ਸੁਣਾਇਆ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਨੇ ਸਰਪੰਚਾਂ ਤੇ ਪੰਚਾਂ ਨੂੰ ਮੁਅੱਤਲ ਕਰਨ ਸੰਬੰਧੀ ਸਰਕਾਰ ਦੇ ਨੋਟੀਫ਼ਿਕੇਸ਼ਨ 'ਤੇ ਲਗਾਈ ਰੋਕ <br/> ਅਗਲੀ ਖ਼ਬਰ ਪੰਜਾਬ ਕਾਂਗਰਸ ਦਾ 'ਆਪ' ਸਰਕਾਰ ਨੂੰ ਸਵਾਲ ਕੀ ਨਸ਼ਿਆਂ ਵਿਰੁੱਧ ਜੰਗ ਜਿੱਤ ਲਈ ਹੈ? <br/>
Ad Position 24