ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 31 ਮਈ -ਸੂਬੇ 'ਚ ਅੱਜ ਤੋਂ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਲਈ ਕਿਸਾਨਾਂ ਦੇ ਖੇਤੀਬਾੜੀ ਟਿਊਬਵੈੱਲਾਂ ਨੂੰ ਬਿਜਲੀ ਨਿਗਮ ਵਲੋਂ 8 ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇਣ ਦੀ ਗੱਲ ਆਖੀ ਗਈ ਹੈ | ਤਿੰਨ ਪੜਾਵਾਂ ਵਿਚ ਛੱਡੀ ਜਾਣ ਵਾਲੀ ਇਸ ਬਿਜਲੀ ਸਪਲਾਈ ਦੇ ਪਹਿਲੇ ਪੜਾਅ ਵਿਚ ਅੱਜ 1 ਜੂਨ ਤੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ ਕਿਸਾਨ ਝੋਨੇ ਦੀ ਲੁਆਈ ਕਰ ਸਕਣਗੇ, ਜਿਸ ਨਾਲ ਸੂਬੇ ਦੀ ਬਿਜਲੀ ਮੰਗ ਲਗਪਗ 2 ਤੋਂ 4 ਹਜ਼ਾਰ ਮੈਗਾਵਾਟ ਵਧਣ ਦੀ ਸੰਭਾਵਨਾ ਹੈ | ਇਸ ਤੋਂ ਬਾਅਦ 5 ਜੂਨ ਨੂੰ ਦੂਜਾ ਪੜਾਅ ਅਤੇ 9 ਜੂਨ ਨੂੰ ਆਖ਼ਰੀ ਪੜਾਅ ਦੇ ਨਾਲ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਕਿਸਾਨ ਝੋਨਾ ਲਗਾਉਣਾ ਸ਼ੁਰੂ ਕਰਨਗੇ | ਇਸ ਸਮੇਂ ਸੂਬੇ 'ਚ ਬਿਜਲੀ ਦੀ ਮੰਗ ਲਗਪਗ 11382 ਮੈਗਾਵਾਟ ਚੱਲ ਰਹੀ ਹੈ ਜਦੋਂਕਿ ਮਈ ਮਹੀਨੇ ਵਿਚ ਇਹ ਮੰਗ ਗਰਮੀ ਕਾਰਨ 14149 ਮੈਗਾਵਾਟ 'ਤੇ ਪਹੁੰਚ ਚੁੱਕੀ ਸੀ | ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸੂਬੇ ਵਿਚ ਬਿਜਲੀ ਨਿਗਮ ਨੂੰ ਬਾਰਿਸ਼ ਦਾ ਸਾਥ ਨਾ ਮਿਲਿਆ ਤਾਂ ਕੀ ਸੂਬੇ ਦੀ ਬਿਜਲੀ ਮੰਗ ਤਿੰਨੇ ਪੜਾਵਾਂ ਵਿਚ ਖੇਤੀਬਾੜੀ ਟਿਊਬਵੈੱਲਾਂ ਨੂੰ ਛੱਡੀ ਜਾਂਦੀ ਬਿਜਲੀ ਸਪਲਾਈ ਤੋਂ ਬਾਅਦ ਬਿਜਲੀ ਦੀ ਮੰਗ ਵਿਚ ਆਏ ਇਕਦਮ ਵੱਡੇ ਉਛਾਲ ਨੂੰ ਬਿਨਾਂ ਬਿਜਲੀ ਕੱਟਾਂ ਤੋਂ ਝੱਲ ਪਾਵੇਗੀ | ਬੇਸ਼ੱਕ ਬਿਜਲੀ ਨਿਗਮ ਅਤੇ ਬਿਜਲੀ ਮੰਤਰੀ ਵਲੋਂ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਦੇਣ ਸੰਬੰਧੀ ਪ੍ਰਬੰਧ ਮੁਕੰਮਲ ਕੀਤੇ ਦੱਸੇ ਜਾ ਰਹੇ ਹਨ ਪਰ ਦੂਜੇ ਪਾਸੇ ਵੱਖ-ਵੱਖ ਜ਼ਿਲਿ੍ਹਆਂ ਵਿਚ ਲੰਘੇ ਦਿਨੀਂ ਆਈ ਹਨੇਰੀ ਸਦਕਾ ਹੋਏ ਬਿਜਲੀ ਲਾਈਨਾਂ, ਟੁੱਟੇ ਖੰਭੇ, ਡਿੱਗੇ ਟਰਾਂਸਫ਼ਾਰਮਰ ਵਰਗੇ ਨੁਕਸਾਨ ਨੂੰ ਹਾਲੇ ਤੱਕ ਬਿਜਲੀ ਨਿਗਮ ਆਪਣੇ ਘੱਟ ਗਿਣਤੀ ਮੁਲਾਜ਼ਮਾਂ ਨਾਲ ਠੀਕ ਕਰਨ ਵਿਚ ਨਾਕਾਮਯਾਬ ਰਿਹਾ ਹੈ | ਜਿਸ ਦੇ ਚੱਲਦਿਆਂ ਲੰਘੇ ਦਿਨੀਂ ਲੁਧਿਆਣਾ, ਮੋਹਾਲੀ, ਬਠਿੰਡਾ ਵਰਗੇ ਜ਼ਿਲਿ੍ਹਆਂ ਵਿਚ 12-12 ਘੰਟੇ ਦੇ ਬਿਜਲੀ ਕੱਟ ਵੀ ਦੇਖਣ ਨੂੰ ਸਾਹਮਣੇ ਆਏ ਹਨ | ਹਾਲ-ਏ-ਆਲਮ ਇਹ ਹੋਇਆ ਪਿਆ ਹੈ ਕਿ ਹਾਲੇ ਤਾਂ ਹਨੇਰੀ ਨਾਲ ਹੋਏ ਬਿਜਲੀ ਨਿਗਮ ਦੀਆਂ ਲਾਈਨਾਂ ਨੂੰ ਪਹੁੰਚੇ ਨੁਕਸਾਨ ਵੀ ਬਿਜਲੀ ਅਧਿਕਾਰੀ/ਕਰਮਚਾਰੀ ਪੂਰਨ ਤੌਰ 'ਤੇ ਠੀਕ ਨਹੀਂ ਕਰ ਸਕੇ ਤੇ ਦੂਜੇ ਪਾਸੇ ਸੂਬੇ ਵਿਚ 15 ਦਿਨ ਪਹਿਲਾਂ ਸ਼ੁਰੂ ਹੋਏ ਝੋਨੇ ਦੀ ਸੀਜ਼ਨ ਨੇ ਬਿਜਲੀ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ | ਬਿਜਲੀ ਲਾਈਨਾਂ ਨੂੰ ਚਾਲੂ ਰੱਖਣ, ਸਾਂਭ ਸੰਭਾਲ ਕਰਨ ਅਤੇ ਟੁੱਟ ਭੱਜ ਠੀਕ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਿਜਲੀ ਨਿਗਮ ਦੇ ਏ.ਐਲ.ਐਮ., ਜੇ.ਈ., ਲਾਈਨਮੈਨ ਵਰਗੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ 39641 ਹਜ਼ਾਰ ਦੇ ਕਰੀਬ ਮਿਥੀਆਂ ਅਸਾਮੀਆਂ ਵਿਚੋਂ ਕੇਵਲ 13972 ਅਸਾਮੀਆਂ 'ਤੇ ਹੀ ਮੁਲਾਜ਼ਮ ਕੰਮ ਕਰ ਰਹੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਬਲਿਊ.ਟੀ.ਡੀ. ਦੀ ਮੀਟਿੰਗ ਵਿਚ ਪੇਸ਼ ਅੰਕੜੇ ਦੱਸਦੇ ਹਨ ਕਿ ਬਿਜਲੀ ਨਿਗਮ ਦੀ ਰੀੜ੍ਹ ਦੀ ਹੱਡੀ ਮੰਨੀਆਂ ਜਾਂਦੀਆਂ ਉਕਤ ਤਿੰਨੋਂ ਅਸਾਮੀਆਂ 'ਤੇ 25669 ਅਸਾਮੀਆਂ ਖਾਲੀ ਪਈਆਂ ਹਨ | ਇਥੇ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਇਕ ਪਾਸੇ ਬਿਜਲੀ ਨਿਗਮ ਲੰਘੇ ਸਾਲਾਂ ਵਿਚ ਬਿਜਲੀ ਜਨਰੇਸ਼ਨ ਵਧਾਉਣ ਵਿਚ ਨਾਕਾਮਯਾਬ ਰਿਹਾ ਹੈ ਉੱਥੇ ਹੀ ਬਿਜਲੀ ਲਾਈਨਾਂ ਨੂੰ ਚਾਲੂ ਰੱਖਣ ਲਈ ਲਗਪਗ 70 ਫ਼ੀਸਦੀ ਅਸਾਮੀਆਂ ਦਾ ਖਾਲੀ ਹੋਣਾ ਸੂਬੇ ਦੇ ਲੋਕਾਂ ਦੀ ਬਿਜਲੀ ਸਪਲਾਈ ਨੂੰ ਚਾਲੂ ਰੱਖਣ ਵਿਚ ਅੜਿੱਕਾ ਬਣ ਰਿਹਾ ਹੈ | ਇਹੋ ਕਾਰਨ ਹੈ ਕਿ ਬਿਜਲੀ ਨਿਗਮ ਘੱਟ ਗਿਣਤੀ ਮੁਲਾਜਮਾਂ ਸਿਰ ਕੰਮ ਦਾ ਜੋਰ ਪਾ ਕੇ ਤੇ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਲਾਈਨਾਂ ਦੀ ਮੁਰੰਮਤ ਲੰਬੇ ਸਮੇਂ ਤੱਕ ਕਰਦਾ ਹੀ ਰਹਿੰਦਾ ਹੈ ਜਿਸ ਕਾਰਨ ਵੱਡਾ ਅਤੇ ਛੋਟਾ ਬਿਜਲੀ ਖਪਤਕਾਰ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਸਮਾਂ ਰਹਿੰਦਿਆਂ ਵੀ ਆਪਣੀ ਬਿਜਲੀ ਸਪਲਾਈ ਚਾਲੂ ਨਹੀਂ ਕਰਵਾ ਪਾਉਂਦਾ |
ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ
ਬਿਜਲੀ ਨਿਗਮ ਤੋਂ ਮਿਲੇ ਅੰਕੜਿਆਂ ਅਨੁਸਾਰ ਇਸ ਸਮੇਂ ਸਰਕਾਰੀ ਥਰਮਲ ਪਲਾਂਟ ਰੋਪੜ, ਲਹਿਰਾ ਮੁਹੱਬਤ, ਗੋਇੰਦਵਾਲ ਸਾਹਿਬ ਦੇ ਸਾਰੇ 10 ਯੂਨਿਟ ਬਿਜਲੀ ਸਪਲਾਈ ਦੇ ਰਹੇ ਹਨ ਜਿਨ੍ਹਾਂ ਤੋਂ 1503 ਮੈਗਾਵਾਟ ਦੇ ਕਰੀਬ ਬਿਜਲੀ ਮਿਲ ਰਹੀ ਹੈ | ਨਿੱਜੀ ਥਰਮਲ ਪਲਾਂਟਾਂ ਦੇ ਗੱਲ ਕਰੀਏ ਤਾਂ ਰਾਜਪੁਰਾ ਅਤੇ ਤਲਵੰਡੀ ਸਾਬੋ ਦੇ 5 ਯੂਨਿਟ ਲਗਪਗ 1588 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ | ਜਦੋਂ ਕਿ ਹਾਈਡ੍ਰੋ ਤੋਂ 275 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਉਪਰੋਕਤ ਸਾਰੇ ਸਰੋਤਾਂ ਤੋਂ ਬਿਜਲੀ ਨਿਗਮ ਕਰੀਬ 3599 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ |
ਬਿਜਲੀ ਕੱਟਾਂ ਲਈ ਤਿਆਰ ਰਹਿਣ ਸੂਬਾ ਵਾਸੀ-ਮਾਹਿਰ
ਸੂਤਰ ਦੱਸਦੇ ਹਨ ਕਿ 15 ਦਿਨ ਪਹਿਲਾਂ ਸ਼ੁਰੂ ਹੋਏ ਝੋਨੇ ਦੇ ਸੀਜ਼ਨ ਦੌਰਾਨ ਜੇਕਰ ਇੰਦਰ ਦੇਵਤਾ ਨੇ ਬਿਜਲੀ ਨਿਗਮ ਦਾ ਸਾਥ ਨਾ ਦਿੱਤਾ ਤਾਂ ਸੂਬੇ ਦੇ ਲੋਕਾਂ ਨੂੰ ਬਿਜਲੀ ਕੱਟਾਂ ਲਈ ਤਿਆਰ ਰਹਿਣਾ ਪਵੇਗਾ ਕਿਉਂਕਿ ਸੂਬੇ 'ਚ ਜ਼ਿਆਦਾਤਰ ਮੀਂਹ 15 ਜੂਨ ਤੋਂ ਬਾਅਦ ਹੀ ਸ਼ੁਰੂ ਹੁੰਦੇ ਹਨ | ਜਿਸ ਦਾ ਵੱਡਾ ਫ਼ਾਇਦਾ ਜਿਥੇ ਕਿਸਾਨਾਂ ਨੂੰ ਹੁੰਦਾ ਹੈ ਉੱਥੇ ਹੀ ਬਿਜਲੀ ਨਿਗਮ ਵੀ ਬਿਜਲੀ ਸਪਲਾਈ ਪੂਰਨ ਰੂਪ ਵਿਚ ਦੇਣ ਵਿਚ ਕਾਮਯਾਬ ਰਹਿੰਦਾ ਹੈ | ਬਿਜਲੀ ਮਾਹਿਰਾਂ ਅਨੁਸਾਰ ਬਿਜਲੀ ਨਿਗਮ ਕੋਲ 16800 ਮੈਗਾਵਾਟ ਦੇ ਪੂਰਨ ਪ੍ਰਬੰਧ ਹਨ ਜਿਸ ਨੂੰ ਖਿੱਚ ਧੂਹ ਕੇ 17 ਹਜ਼ਾਰ ਮੈਗਾਵਾਟ ਤੱਕ ਲਿਜਾਇਆ ਜਾ ਸਕਦਾ ਹੈ | ਪ੍ਰੰਤੂ 17 ਹਜ਼ਾਰ ਮੈਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚਣ ਤੋਂ ਪਹਿਲਾਂ ਹੀ ਬਿਜਲੀ ਨਿਗਮ ਬਿਜਲੀ ਕੱਟਾਂ ਦਾ ਦੌਰ ਸੂਬੇ ਵਿਚ ਸ਼ੁਰੂ ਕਰ ਦੇਵੇਗਾ |
ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਲਈ ਰੜਕੇਗੀ ਮੁਲਾਜ਼ਮਾਂ ਦੀ ਘਾਟ <br/>
ਅਜੀਤ ਡੈਸਕ
01-06-2025