ਐੱਸ. ਏ. ਐੱਸ. ਨਗਰ, 31 ਮਈ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ ਵਾਰੰਟ ਜਾਰੀ ਕਰਨ ਸੰਬੰਧੀ ਐੱਸ. ਆਈ. ਟੀ. ਵਲੋਂ ਮੁਹਾਲੀ ਅਦਾਲਤ ਵਿਚ ਦਾਇਰ ਕੀਤੀ ਅਰਜ਼ੀ 'ਤੇ ਫ਼ੈਸਲਾ ਅੱਜ ਨਹੀਂ ਸੁਣਾਇਆ ਜਾ ਸਕਿਆ | ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ | ਇਹ ਅਰਜ਼ੀ ਅਪ੍ਰੈਲ ਮਹੀਨੇ ਨਵੀਂ ਗਠਿਤ ਵਿਸ਼ੇਸ਼ ਜਾਂਚ ਟੀਮ ਵਲੋਂ ਲਗਾਈ ਗਈ ਸੀ, ਜਿਸ ਦਾ ਮਕਸਦ ਡਰੱਗਜ਼ ਮਾਮਲੇ ਦੀ ਜਾਂਚ ਵਿਚ ਤੇਜ਼ੀ ਲਿਆਉਣ ਲਈ ਮਜੀਠੀਆ ਦੇ ਵੱਖ-ਵੱਖ ਠਿਕਾਣਿਆਂ 'ਤੇ ਛਾਪੇਮਾਰੀ ਦੀ ਮਨਜ਼ੂਰੀ ਲੈਣਾ ਸੀ | ਇਸ ਅਰਜ਼ੀ 'ਤੇ ਦੋਵਾਂ ਧਿਰਾਂ ਵਲੋਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਸਿਮਰਨਜੀਤ ਸਿੰਘ ਅੱਗੇ ਦਲੀਲਾਂ ਪੇਸ਼ ਕੀਤੀਆਂ ਗਈਆਂ ਸਨ | ਹੁਣ ਅਦਾਲਤ ਵਲੋਂ 9 ਜੂਨ ਨੂੰ ਸੁਣਾਇਆ ਜਾਣ ਵਾਲਾ ਫ਼ੈਸਲਾ ਇਸ ਕੇਸ ਦੀ ਦਿਸ਼ਾ ਨੂੰ ਨਵਾਂ ਮੋੜ ਦੇ ਸਕਦਾ ਹੈ | ਮਜੀਠੀਆ ਦੇ ਸਮਰਥਕਾਂ ਅਤੇ ਵਿਰੋਧੀਆਂ ਦੀਆਂ ਨਜ਼ਰਾਂ ਹੁਣ ਮੁਹਾਲੀ ਅਦਾਲਤ ਵਿਖੇ ਤਾਇਨਾਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਸੁਣਾਏ ਜਾਣ ਵਾਲੇ ਅਹਿਮ ਫ਼ੈਸਲੇ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਮਜੀਠੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ ਦੀ ਇਜਾਜ਼ਤ ਦਿੰਦੇ ਹਨ ਜਾਂ ਨਹੀਂ |