ਝੋਨੇ ਦੀ ਪਨੀਰੀ ਖੇਤਾਂ 'ਚ ਲਗਾਉਣ ਦੇ ਯੋਗ ਨਹੀਂ ਹੋ ਸਕੀ
ਵੀਰਪਾਲ ਸਿੰਘ
ਬਠਿੰਡਾ, 31 ਮਈ-ਨਹਿਰ ਬੰਦੀ, ਖੇਤੀ ਮੋਟਰ ਦੀ ਸਪਲਾਈ ਦੀ ਬੇਭਰੋਸਗੀ ਕਾਰਨ ਪੰਜਾਬ ਵਿਚ 1 ਜੂਨ ਨੂੰ ਝੋਨੇ ਦੀ ਲਗਵਾਈ ਸ਼ੁਰੂ ਕਰਨਾ ਅਸੰਭਵ ਰਹਿਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ | ਪਾਣੀ ਦੀ ਘਾਟ, ਗਰਮੀ ਵੱਧ ਪੈਣ ਅਤੇ ਗੈਰ-ਮਿਆਰੀ ਝੋਨੇ ਦੇ ਬੀਜਾਂ ਕਾਰਨ ਝੋਨਾ ਲਵਾਉਣ ਲਈ ਝੋਨੇ ਦੀ ਪਨੀਰੀ 1 ਜੂਨ ਤੱਕ ਖੇਤਾਂ ਵਿਚ ਲਗਾਉਣ ਦੇ ਯੋਗ ਨਹੀਂ ਬਣ ਸਕੀ, ਜਿਸ ਨਾਲ ਸੂਬੇ ਵਿਚ 1 ਜੂਨ ਤੋਂ ਝੋਨਾ ਲਗਾਉਣ ਦੀ ਸ਼ੁਰੂਆਤ ਵਿਚ ਇਕ ਤੋਂ ਡੇਢ ਹਫ਼ਤਾ ਤੱਕ ਪੱਛੜ ਕੇ ਸ਼ੁਰੂ ਹੋਣ ਦੀ ਸੰਭਾਵਨਾ ਹੈ | ਝੋਨੇ ਦੀ ਪਨੀਰੀ ਦੀ ਬਿਜਾਈ ਕਰਨ ਮੌਕੇ ਸੂਬਾ ਸਰਕਾਰ ਵਲੋਂ ਪੂਸਾ ਝੋਨੇ ਦੀਆਂ ਕੁਝ ਕਿਸਮਾਂ 'ਤੇ ਪਾਬੰਦੀ ਲਗਾਉਣ ਕਾਰਨ ਝੋਨੇ ਦੀ ਪਨੀਰੀ ਬੀਜਣ ਲਈ ਫ਼ੈਸਲਾ ਕਰਨ ਕਰਕੇ ਕਿਸਾਨ ਦੋਚੁੱਤੀ ਵਿਚ ਪੈ ਗਏ ਸਨ | ਮਾਰਕੀਟ 'ਚ ਗੈਰ-ਮਿਆਰੀ ਝੋਨੇ ਦੇ ਬੀਜ ਦੀ ਭਰਮਾਰ ਨੇ ਕਿਸਾਨਾਂ ਨੂੰ ਨਵੀਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ | ਮਈ ਮਹੀਨੇ ਦੀ ਸ਼ੁਰੂਆਤੀ ਹਫ਼ਤਾ ਵਿਚ ਅਗੇਤੀਆਂ ਝੋਨੇ ਦੀਆਂ ਕਿਸਮਾਂ ਦੀ ਪਨੀਰੀ ਤਾਪਮਾਨ ਵਧਣ ਕਾਰਨ ਪੂਰੀ ਤਰ੍ਹਾਂ ਵਧ ਫੁੱਲ ਨਹੀਂ ਸਕੀ | ਮਈ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਪਾਰਾ 40 ਡਿਗਰੀ ਤੋਂ 44 ਡਿਗਰੀ ਸੈਲਸੀਅਸ ਤੱਕ ਰਹਿਣ ਕਾਰਨ ਤਿੱਖੀ ਧੁੱਪ ਪੈਣ ਨਾਲ ਝੋਨੇ ਦੀ ਪਨੀਰੀ ਦੇ ਪੰੁਗਰਨ ਦੀ ਸਮਰੱਥਾ ਘਟ ਗਈ, ਜਿਸ ਨਾਲ ਸੂਬੇ ਦੇ ਕਿਸਾਨਾਂ ਵਲੋਂ ਝੋਨੇ ਦੀ ਪਨੀਰੀ ਬਿਜਾਈ 2 ਵਾਰ ਕਰਨ ਲਈ ਮਜਬੂਰ ਹੋਣਾ ਪਿਆ | ਮਾਲਵੇ 'ਚ ਝੋਨੇ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਰ ਵਾਰ ਨਹਿਰੀ ਪਾਣੀ ਦੀ ਬੰਦੀ ਕੀਤੀ ਜਾਂਦੀ ਰਹੀ ਹੈ | ਦੂਸਰੇ ਪਾਸੇ ਸਾਉਣੀ ਦੀਆਂ ਫ਼ਸਲਾਂ ਲਈ ਸੂਬੇ ਵਿਚ ਡੇ.ਏ.ਪੀ. ਖਾਦ ਦੀ 60 ਫ਼ੀਸਦੀ ਕਮੀ ਪੰਜਾਬ ਦੇ ਕਿਸਾਨਾਂ, ਝੋਨੇ ਅਤੇ ਮੱਕੀ ਦੀ ਫ਼ਸਲ ਲਈ ਡੀ.ਏ.ਪੀ. ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੂਬਾ ਸਰਕਾਰ ਪਾਸੋਂ ਹਮੇਸ਼ਾ ਦੀ ਤਰ੍ਹਾਂ 'ਬੂਹੇ ਆਈ ਜੰਞ, ਬਿੰਨੋ ਕੁੜੀ ਦੇ ਕੰਨ' ਦੀ ਕਹਾਵਤ ਵਾਲੀ ਗੱਲ ਸੱਚ ਕਰ ਦਿਖਾਈ ਹੈ | ਥੋੜੇ ਦਿਨ ਪਹਿਲਾਂ ਕੇਂਦਰੀ ਖਾਦ ਮੰਤਰੀ ਨੇ ਪੱਤਰ ਲਿਖ ਕੇ ਸੂਬੇ ਲਈ ਡੀ.ਏ.ਵੀ. ਖਾਦ ਦੀ ਸਪਲਾਈ ਕਰਨ ਦੀ ਮੰਗ ਰੱਖੀ ਗਈ ਹੈ | ਪੰਜਾਬ ਨੂੰ ਅਪ੍ਰੈਲ ਮਹੀਨੇ 'ਚ 45 ਹਜ਼ਾਰ ਟਨ ਡੀ.ਏ.ਵੀ. ਖਾਦ ਮਿਲਣੀ ਸੀ | ਜਾਣਕਾਰੀ ਮੁਤਾਬਿਕ 16 ਹਜ਼ਾਰ ਟਨ ਦੀ ਸਪਲਾਈ ਹੋਣੀ ਹੈ | ਸੂਬੇ ਵਿਚ 33 ਹਜਾਰ ਟਨ ਡੀ.ਏ.ਪੀ. ਖਾਦ ਪੁਰਾਣਾ ਸਟਾਕ ਪਿਆ ਹੋਇਆ ਹੈ | ਪੰਜਾਬ ਵਿਚ 8 ਲੱਖ ਮੀਟਰਿਕ ਟਨ ਡੀ.ਏ.ਪੀ. ਅਤੇ ਯੂਰੀਆ ਖਾਦ 30 ਲੱਖ ਮੀਟਰਿਕ ਟਨ ਦੀ ਔਸਤਾਨ ਖਪਤ ਹੁੰਦੀ ਹੈ | ਪੰਜਾਬ ਵਿਚ ਹਰ ਸਾਲ 30 ਲੱਖ ਹੈਕਟੇਅਰ ਝੋਨੇ ਅਤੇ ਬਾਸਮਤੀ ਦੀ ਬਿਜਾਈ ਕੀਤੀ ਜਾਂਦੀ ਹੈ | ਸੂਬੇ ਵਿਚ ਖੇਤੀ ਯੋਗ ਰਕਬੇ ਨੂੰ ਕਮਰਸ਼ੀਅਲ ਵਰਤੋਂ ਅਤੇ ਰਿਹਾਇਸ਼ੀ ਕਾਲੋਨੀਆਂ ਵਧਣ ਨਾਲ ਇਸ ਵਰ੍ਹੇ ਝੋਨੇ ਦੀ ਬਿਜਾਈ ਦਾ ਰਕਬਾ ਘਟ ਸਕਦਾ ਹੈ | ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਝੋਨੇ ਦੇ ਸੀਜ਼ਨ ਵਿਚ ਸਿੱਧੀ ਬਿਜਾਈ ਦਾ ਰਕਬਾ ਬਹੁਤ ਘੱਟ ਰਹਿ ਗਿਆ |
ਸੂਬੇ 'ਚ ਝੋਨੇ ਦੀ ਲਵਾਈ ਦੀ ਸ਼ੁਰੂਆਤ ਅੱਜ ਤੋਂ ਹੋਣੀ ਅਸੰਭਵ <br/>
ਅਜੀਤ ਡੈਸਕ
01-06-2025