ਜਲੰਧਰ, 31 ਮਈ (ਜਸਪਾਲ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦਾ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 1 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹੋਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਆਗੂ ਭਾਈ ਕਰਨੈਲ ਸਿੰਘ ਪੀਰਮੁਹੰਮਦ ਤੇ ਫੈਡਰੇਸ਼ਨ ਦੇ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਨੇ ਦੱਸਿਆ ਕਿ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਇੱਕ ਡੂੰਘੀ ਸਾਜਿਸ਼ ਤਹਿਤ ਉਨ੍ਹਾਂ ਦੇ ਨਿਵਾਸ ਸਥਾਨ ਦੇ ਨਜ਼ਦੀਕ ਕੁਝ ਲੋਕਾਂ ਵਲੋਂ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਗਰਾ ਵਲੋਂ ਫੈਡਰੇਸ਼ਨ ਦੀ ਮਜ਼ਬੂਤੀ 'ਚ ਅਹਿਮ ਯੋਗਦਾਨ ਪਾਇਆ ਗਿਆ ਤੇ ਉਨ੍ਹਾਂ ਵਲੋਂ ਪੰਥ ਦੀ ਬਿਹਤਰੀ ਤੇ ਮਜ਼ਬੂਤੀ ਲਈ ਕੀਤੇ ਗਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਪੀਰਮੁਹੰਮਦ ਨੇ ਦੱਸਿਆ ਕਿ ਇਸ ਦੌਰਾਨ ਫੈਡਰੇਸ਼ਨ ਆਗੂ ਜਗਰੂਪ ਸਿੰਘ ਚੀਮਾ, ਡਾ. ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਸੁਖਵਿੰਦਰ ਸਿੰਘ ਦੀਨਾ ਨਗਰ, ਪਰਮਜੀਤ ਸਿੰਘ ਧਨੇਰ, ਲਵਪ੍ਰੀਤ ਸਿੰਘ, ਦਵਿੰਦਰ ਸਿੰਘ ਲੁਧਿਆਣਾ, ਪਰਭਜੋਤ ਸਿੰਘ ਫਰੀਦਕੋਟ, ਗੁਰਨਾਮ ਸਿੰਘ ਸੈਣੀ ਤੇ ਚਰਨਦੀਪ ਸਿੰਘ ਹੈਪੀ ਆਦਿ ਸ਼ਖਸੀਅਤਾਂ ਵੀ ਪਰਮਿੰਦਰ ਸਿੰਘ ਢੀਂਗਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |