ਚੌਂਕ ਮਹਿਤਾ (ਅੰਮਿ੍ਤਸਰ), 31 ਮਈ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਕੋਈ ਸੰਦੇਸ਼ ਜਾਰੀ ਨਹੀਂ ਕਰਨ ਦਿੱਤਾ ਜਾਵੇ, ਕਿਉੁਾਕਿ ਉਨ੍ਹਾਂ ਦੀ ਨਿਯੁਕਤੀ ਗੁਰ ਮਰਿਯਾਦਾ ਅਨੁਸਾਰ ਨਹੀਂ ਹੋਈ ਤੇ ਨਾ ਹੀ ਉਹ ਕੌਮ ਨੂੰ ਪ੍ਰਵਾਨਿਤ ਜਥੇਦਾਰ ਹਨ | ਉਨ੍ਹਾਂ ਕਿਹਾ ਕਿ ਤੀਸਰੇ ਘੱਲੂਘਾਰੇ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ 6 ਜੂਨ ਨੂੰ ਕਰਾਏ ਜਾਂਦੇ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੀਸਰੇ ਘਲੱੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹਨ ਪਰ ਇਸ ਵਾਰ ਕੌਮ ਵਲੋਂ ਅਪ੍ਰਵਾਨਿਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕਰਨਾ ਕੌਮ ਨੂੰ ਪ੍ਰਵਾਨ ਨਹੀਂ ਹੈ ਤੇ ਦਮਦਮੀ ਟਕਸਾਲ ਸਮੇਤ ਸਮੁੱਚਾ ਸੰਤ ਸਮਾਜ, ਸਿੱਖ ਸੰਪਰਦਾਵਾਂ ਤੇ ਸਿੱਖ ਫੈੱਡਰੇਸ਼ਨਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸਮੁੱਚਾ ਸਿੱਖ ਪੰਥ ਵਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕਰਨ ਤੋਂ ਰੋਕਿਆ ਜਾਵੇ ਨਹੀਂ ਤਾਂ ਇਸ ਦੇ ਵਿਰੋਧ ਕੀਤੇ ਜਾਣ ਦੌਰਾਨ ਅਗਰ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਪੈਦਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੇ-ਅਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੀ ਹੋਵੇਗੀ | ਕੌਮ ਅੰਦਰ ਟਕਰਾਅ ਦੇ ਹਾਲਾਤ ਨਾ ਪੈਦਾ ਹੋਣ ਇਸ ਲਈ ਸ਼੍ਰੋੋਮਣੀ ਕਮੇਟੀ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਬਜਾਏ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਸੰਦੇਸ਼ ਜਾਰੀ ਕਰਾ ਕੇ ਆਪਣੀ ਸਾਰਥਿਕ ਭੂਮਿਕਾ ਨਿਭਾਵੇ | ਉਨ੍ਹਾਂ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁੰਮ ਹੁਮਾ ਕੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਵਿਖੇ ਪੁੱਜਣ | ਇਸ ਮੌਕੇ ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਜਥੇ. ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਪਿ੍ੰ. ਹਰਸ਼ਦੀਪ ਸਿੰਘ ਤੇ ਡਾ. ਅਵਤਾਰ ਸਿੰਘ ਬੁੱਟਰ, ਗਿ. ਸਾਹਬ ਸਿੰਘ, ਭਾਈ ਗਗਨਦੀਪ ਸਿੰਘ ਤੇ ਭਾਈ ਪ੍ਰਕਾਸ਼ ਸਿੰਘ ਆਦਿ ਵੀ ਮੌਜੂਦ ਸਨ |