ਬੈਂਗਲੁਰੂ, 31 ਮਈ (ਅ.ਬ.)-ਭਾਰਤ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕਾਂ ਵਿਚੋਂ ਇੱਕ, ਕੇਨਰਾ ਬੈਂਕ ਨੇ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਸਾਰੇ ਸੇਵਿੰਗ ਬੈਂਕ (ਐਸ. ਬੀ.) ਖਾਤਿਆਂ ਦੀਆਂ ਕਿਸਮਾਂ, ਜਿਸ ਵਿਚ ਬੱਚਤ ਖਾਤੇ, ਤਨਖਾਹ ਖਾਤੇ, ਐਨ.ਆਰ.ਆਈ. ਐਸ. ਬੀ. ਖਾਤੇ ਆਦਿ ਸ਼ਾਮਿਲ ਹਨ, ਲਈ ਘੱਟੋ-ਘੱਟ ਬਕਾਇਆ ਨਾ ਰੱਖਣ ਦੇ ਖਰਚਿਆਂ ਨੂੰ ਪੂਰੀ ਤਰ੍ਹਾਂ ਮੁਆਫ ਕਰਨ ਦਾ ਐਲਾਨ ਕੀਤਾ ਹੈ¢ 1 ਜੂਨ 2025 ਤੋਂ ਪ੍ਰਭਾਵੀ ਇਹ ਪਹਿਲਕਦਮੀ ਕੇਨਰਾ ਬੈਂਕ ਨੂੰ ਜਨਤਕ ਖੇਤਰ ਦੇ ਮੋਹਰੀ ਬੈਂਕ (ਐਸ.ਬੀ.) ਵਜੋਂ ਸਥਾਪਤ ਕਰਦੀ ਹੈ ਜੋ ਐਸ.ਬੀ. ਖਾਤਿਆਂ ਦੀ ਇੱਕ ਵਿਸ਼ਾਲ ਕਿਸਮ ਵਿਚ ਘੱਟੋ-ਘੱਟ ਬਕਾਇਆ ਰੱਖਣ ਲਈ ਕੋਈ ਲਿਮਟ ਨਹੀਂ ਰੱਖਦੀ | ਨਤੀਜੇ ਵਜੋਂ, ਕੇਨਰਾ ਬੈਂਕ ਦੇ ਕਿਸੇ ਵੀ ਐਸ.ਬੀ. ਗਾਹਕ ਨੂੰ ਘੱਟੋ-ਘੱਟ ਬਕਾਇਆ ਨਾ ਰੱਖਣ ਲਈ ਜੁਰਮਾਨੇ ਜਾਂ ਫੀਸਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ¢ ਪਹਿਲਾਂ ਖਾਤਿਆਂ 'ਚ ਨਿਰਧਾਰਤ ਪੈਸੇ ਰੱਖਣ ਪੈਂਦੇ ਸਨ ਤੇ ਨਾ ਰੱਖਣ 'ਤੇ ਜੁਰਮਾਨੇ ਲੱਗਦੇ ਸਨ | ਇਸ ਕਦਮ ਨਾਲ ਕੈਨਰਾ ਬੈਂਕ ਦੇ ਲੱਖਾਂ ਗਾਹਕਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿਚ ਤਨਖਾਹਦਾਰ ਵਿਅਕਤੀ, ਸੀਨੀਅਰ ਨਾਗਰਿਕ, ਵਿਦਿਆਰਥੀ, ਪ੍ਰਵਾਸੀ ਭਾਰਤੀ ਤੇ ਪਹਿਲੀ ਵਾਰ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਸ਼ਾਮਿਲ ਹਨ, ਜਿਸ ਨਾਲ ਰੋਜ਼ਾਨਾ ਬੈਂਕਿੰਗ ਬਿਨਾਂ ਜੁਰਮਾਨੇ ਦੇ ਸੁਵਿਧਾਜਨਕ ਹੋਵੇਗੀ ¢