ਰਾਜਸਥਾਨ 'ਚ ਨਕਲੀ ਖਾਦਾਂ ਬਣਾਉਣ ਵਾਲੀਆਂ 13 ਫ਼ੈਕਟਰੀਆਂ ਦਾ ਪਰਦਾਫਾਸ਼ <br/>
ਅਜੀਤ ਡੈਸਕ
01-06-2025
ਮੂਣਕ (ਸੰਗਰੂਰ), 31 ਮਈ (ਕੇਵਲ ਸਿੰਗਲਾ)-ਰਾਜਸਥਾਨ 'ਚ ਨਕਲੀ ਡੀ.ਏ.ਪੀ. ਅਤੇ ਹੋਰ ਰਸਾਇਣਿਕ ਖਾਦਾਂ ਦੇ ਵੱਡੀ ਪੱਧਰ ਬਣਾਉਣ ਦੇ ਗੋਰਖ ਧੰਦੇ ਦਾ ਪਰਦਾਫਾਸ਼ ਹੋਇਆ ਹੈ, ਨਕਲੀ ਖਾਦਾਂ ਬਣਾਉਣ ਦੀਆਂ 13 ਫ਼ੈਕਟਰੀਆਂ ਫੜੇ ਜਾਣ ਤੇ ਦੇਸ਼ ਦੇ ਕਿਸਾਨਾਂ 'ਚ ਮਾਯੂਸੀ ਤੇ ਰੋਸ ਪਾਇਆ ਜਾ ਰਿਹਾ ਹੈ | ਇੱਥੋਂ ਨਕਲੀ ਖਾਦਾਂ ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਰਾਜਸਥਾਨ, ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਭਾਗਾਂ ਚ ਨਾਮੀ ਕੰਪਨੀਆਂ ਦੇ ਬਰਾਂਡ ਹੇਠ ਸਪਲਾਈ ਕੀਤੀਆਂ ਜਾਂਦੀਆਂ ਸਨ | ਇਹ ਗੋਰਖਧੰਦਾ ਪਿਛਲੇ ਕਾਫੀ ਸਮੇਂ ਤੋਂ ਧੜੱਲੇ ਨਾਲ ਚੱਲ ਰਿਹਾ ਸੀ | ਰਾਜਸਥਾਨ ਦੇ ਖੇਤੀਬਾੜੀ ਮੰਤਰੀ ਕਰੋੜੀ ਲਾਲ ਮੀਨਾ ਦੀ ਅਗਵਾਈ ਹੇਠ ਰਾਜਸਥਾਨ ਦੇ ਖੇਤੀਬਾੜੀ ਵਿਭਾਗ ਵਲੋਂ ਵੱਡੀ ਪੱਧਰ 'ਤੇ ਨਕਲੀ ਖਾਦਾਂ ਬਣਾਉਣ ਦਾ ਰੈਕੇਟ ਫੜਿਆ ਗਿਆ ਹੈ ਅਤੇ ਲੱਖਾਂ ਦੀ ਤਾਦਾਦ 'ਚ ਨਕਲੀ ਡੀ.ਏ.ਪੀ., ਪੋਟਾਸ਼ ਖਾਦ ਤੋਂ ਇਲਾਵਾ ਹੋਰ ਖਾਦਾਂ ਜੋ ਕਿ ਨਾਮੀਂ ਕੰਪਨੀਆਂ ਦੇ ਥੈਲੇਆ 'ਚ ਭਰੀ ਹੋਈ ਸੀ ਬਰਾਮਦ ਕੀਤੀ ਗਈ | ਇਹ ਨਕਲੀ ਖਾਦਾਂ ਪੱਥਰ ਦੇ ਚੂਰੇ ਅਤੇ ਪੱਥਰਾਂ ਦੀ ਮਿੱਟੀ ਤੋਂ ਤਿਆਰ ਕੀਤੀਆਂ ਜਾਂਦੀਆਂ ਸਨ | ਪੱਥਰਾਂ ਦੇ ਚੂਰੇ ਅਤੇ ਮਿੱਟੀ ਨੂੰ ਗਰਮ ਕਰ ਕੇ ਦਾਣੇਦਾਰ ਬਣਾ ਕੇ ਰੰਗ ਚਾੜਿਆ ਜਾਂਦਾ ਸੀ | ਮੌਕੇ ਤੋਂ ਕਾਲਾ, ਚਿੱਟਾ ਅਤੇ ਬਰਾਨ ਰੰਗ ਦੇ ਥੈਲੇ ਬਰਾਮਦ ਕੀਤੇ ਗਏ ਹਨ | ਦਾਣੇਦਾਰ 'ਤੇ ਕਾਲਾ ਰੰਗ ਚਾੜ ਕੇ ਡੀ.ਏ.ਪੀ., ਬਰਾਨ ਰੰਗ ਚਾੜ ਕੇ ਪੋਟਾਸ਼ ਅਤੇ ਚਿੱਟੇ ਰੰਗ ਨਾਲ ਐਸ.ਐਸ.ਪੀ. ਖਾਦ ਬਣਾਈ ਜਾਂਦੀ ਸੀ | ਗਾਹਕ ਦੀ ਮੰਗ ਅਨੁਸਾਰ ਵੱਖ-ਵੱਖ ਕੰਪਨੀਆਂ ਦੇ ਥੈਲੇਆ 'ਚ ਖਾਦਾਂ ਭਰ ਕੇ ਵੇਚੀਆਂ ਜਾਂਦੀਆਂ ਸਨ | ਇਹ ਕੰਮ ਵੱਡੀ ਪੱਧਰ 'ਤੇ ਵੱਡੇ-ਵੱਡੇ ਗੁਦਾਮਾਂ ਅਤੇ ਫ਼ੈਕਟਰੀਆਂ 'ਚ ਕੀਤਾ ਜਾਂਦਾ ਸੀ | ਇਫ਼ਕੋ ਕੰਪਨੀ ਦੀ ਨਕਲੀ ਸਾਗਰਿਕਾ ਖਾਦ ਅਤੇ ਹੋਰ ਕੰਪਨੀਆਂ ਦੀਆਂ ਬਾਈਉ ਖਾਦਾਂ ਵੀ ਇੱਥੋਂ ਧੜਲੇ ਨਾਲ ਬਣਾਇਆ ਜਾਂਦੀਆਂ ਸਨ | ਪੰਜਾਬ ਦੇ ਅਬੋਹਰ ਦੇ ਇੱਕ ਪਿੰਡ 'ਚ ਪਹੰੁਚੀ ਰਾਜਸਥਾਨ ਤੋਂ ਨਕਲੀ ਡੀ.ਏ.ਪੀ. ਖਾਦ ਦੀ ਵੀਡੀਉ ਵੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ 'ਚ ਇਕ ਆੜ੍ਹਤੀ ਦੱਸ ਰਿਹਾ ਹੈ ਕਿ ਉਸ ਪਾਸ ਕਿੰਨੀਂ ਅਤੇ ਕਿਸ ਭਾਅ ਨਕਲੀ ਡੀ.ਏ.ਪੀ. ਖਾਦ ਆਈ ਹੈ | ਪੰਜਾਬ ਦਾ ਖੇਤੀਬਾੜੀ ਵਿਭਾਗ ਇਸ ਘਪਲੇ ਦੀ ਬਰਿਕੀ ਨਾਲ ਜਾਂਚ ਕਰ ਕੇ ਪਤਾ ਲਗਾਵੇ ਕਿ ਹੋਰ ਕਿਸ ਕਿਸ ਨੂੰ ਨਕਲੀ ਡੀ.ਏ.ਪੀ. ਤੇ ਨਕਲੀ ਖਾਦਾਂ ਦੀ ਸਪਲਾਈ ਹੋਈ ਹੈ ਅਤੇ ਪੰਜਾਬ ਤੋਂ ਇਸ ਗੋਰਖਧੰਦੇ 'ਚ ਕੋਣ-ਕੋਣ ਸ਼ਾਮਲ ਹਨ ਅਤੇ ਕਿੰਨੀ ਦੇਰ ਤੋਂ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ |