ਬਾਪੂ ਤਰਸੇਮ ਸਿੰਘ, ਲੱਖਾ ਸਿਧਾਣਾ ਤੇ ਅਮਤੋਜ ਮਾਨ ਸਣੇ ਕਈ ਆਗੂਆਂ ਨੇ ਕੀਤੀ ਸ਼ਿਰਕਤ
<br/>
ਸਮਾਣਾ (ਪਟਿਆਲਾ), 1 ਜੂਨ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਸਮਾਣਾ ਵਿਖੇ ਲੱਗੇ ਟਾਵਰ ਮੋਰਚੇ ਦੇ 231ਵੇਂ ਦਿਨ ਮੋਰਚੇ ਦੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਟਹਿਲ ਸੇਵਾ ਅੱਠੇ ਪਹਿਰ ਸ੍ਰੀ ਅਨੰਦਪੁਰ ਸਾਹਿਬ ਨੇ ਐਲਾਨ ਕੀਤਾ ਹੈ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਤਿੱਖਾ ਕਰ ਦਿੱਤਾ ਜਾਵੇਗਾ | ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਅੱਜ ਦੇ ਇਕੱਠ ਨੂੰ ਮੁੱਖ ਤੌਰ 'ਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਸਮਾਜ ਸੇਵੀ ਆਗੂ ਲੱਖ ਸਿਧਾਣਾ ਤੇ ਅਮਤੋਜ ਮਾਨ ਨੇ ਸੰਬੋਧਨ ਕੀਤਾ | ਸਮਾਗਮ ਵਿਚ ਮੁੱਖ ਤੌਰ 'ਤੇ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ, ਭਾਈ ਗੁਰਵਿੰਦਰ ਸਿੰਘ ਸਰਹਾਲਾ, ਭਾਈ ਸਤਪਾਲ ਸਿੰਘ ਅਨੰਦਪੁਰ ਸਾਹਿਬ, ਭਾਈ ਤਲਵਿੰਦਰ ਸਿੰਘ ਔਲਖ, ਬਾਬਾ ਭਰਪੂਰ ਸਿੰਘ ਗਾਜੇਵਾਸ, ਪ੍ਰੋ. ਸਤਨਾਮ ਕੌਰ, ਭਾਈ ਜਸਵਿੰਦਰ ਸਿੰਘ ਡਰੋਲੀ ਵਾਰਿਸ ਪੰਜਾਬ ਦੇ ਅਤੇ ਕੁਲਵਿੰਦਰ ਸਿੰਘ ਸਿੱਧੂ ਆਦਿ ਨੇ ਸ਼ਿਰਕਤ ਕੀਤੀ | ਬਾਪੂ ਤਰਸੇਮ ਸਿੰਘ ਨੇ ਆਖਿਆ ਕਿ ਕਾਂਗਰਸ, ਅਕਾਲੀ ਦਲ ਬਾਦਲ, ਭਾਜਪਾ ਅਤੇ 'ਆਪ' ਦੀਆਂ ਨੀਤੀਆਂ ਇਕ ਹੀ ਹਨ | ਜੇਕਰ ਉਨ੍ਹਾਂ ਨੇ ਸਿੱਖਾਂ ਨੂੰ ਜੇਲ੍ਹਾਂ ਵਿਚ ਬੰਦ ਕਰਨਾ ਹੋਵੇ ਜਾਂ ਪੰਜਾਬ ਦੇ ਹੱਕ ਖੋਹਣੇ ਹੋਣ ਤਾਂ ਰਾਤ ਨੂੰ ਹੀ ਕਾਨੂੰਨ ਬਣ ਜਾਂਦੇ ਹਨ | ਜੇਕਰ ਸਿੱਖਾਂ ਤੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਤਾਂ ਇਹ ਪਾਰਟੀਆਂ ਟਾਲ਼ਾ ਵੱਟ ਜਾਂਦੀਆਂ ਹਨ | ਅਮਤੋਜ ਮਾਨ ਨੇ ਆਖਿਆ ਕਿ ਸਰਕਾਰਾਂ ਨੇ ਆਪਣੀ ਸਾਜ਼ਿਸ਼ ਨਾਲ ਅੰਦੋਲਨ ਵੀ ਵੰਡ ਦਿੱਤੇ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਕਾਲੀ, ਕਾਂਗਰਸੀ ਅਤੇ 'ਆਪ' ਦੇ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਨਹੀਂ ਬੋਲਦੇ ਤਾਂ ਉਨ੍ਹਾਂ ਨੂੰ ਪਿੰਡਾਂ ਵਿਚ ਨਾ ਵੜਨ ਦਿੱਤਾ ਜਾਵੇ | ਲੱਖਾ ਸਿਧਾਣਾ ਨੇ ਆਖਿਆ ਕਿ ਸਾਨੂੰ ਵੱਖ-ਵੱਖ ਸੰਘਰਸ਼ ਕਰਨ ਦੀ ਥਾਂ 'ਤੇ ਇਕਜੁੱਟ ਹੋ ਕੇ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ | ਇਸ ਮੌਕੇ ਅਮਰਜੀਤ ਸਿੰਘ ਗੁਰਾਇਆ, ਭਾਈ ਜਸਵੰਤ ਸਿੰਘ ਅਮਾਮਗੜ੍ਹ, ਜਸਬੀਰ ਸਿੰਘ ਐਡਵੋਕੇਟ, ਨਿਰਲੇਪ ਕੌਰ ਐਡਵੋਕੇਟ, ਭਾਈ ਰਾਜ ਸਿੰਘ ਪ੍ਰਧਾਨ, ਬੂਟਾ ਸਿੰਘ ਸ਼ਾਦੀਪੁਰ, ਸਤਨਾਮ ਸਿੰਘ, ਭਗਵੰਤ ਸਿੰਘ ਵਿਰਕ, ਬਾਬਾ ਰਣਜੋਧ ਸਿੰਘ ਖ਼ਾਲਸਾ, ਬੇਅੰਤ ਸਿੰਘ ਚੀਮਾ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਸਾਬਕਾ ਐਮ.ਸੀ., ਬਾਬਾ ਗੁਰਜੀਤ ਸਿੰਘ, ਪਰਮਜੀਤ ਸਿੰਘ ਜੌਹਲ ਵਾਰਸ ਪੰਜਾਬ ਆਦਿ ਹਾਜ਼ਰ ਸੀ |