• ਧਰਤੀ ਹੇਠਲਾ ਪਾਣੀ ਬਚਾਉਣ ਲਈ ਉਪ ਕੁਲਪਤੀ ਨੇ ਦਿੱਤੀ ਕਿਸਾਨਾਂ ਨੂੰ ਬਰਸਾਤੀ ਮੱਕੀ ਬੀਜਣ ਦੀ ਸਲਾਹ
• ਯੂਨੀਵਰਸਿਟੀ ਅਗਲੇ ਵਰ੍ਹੇ ਵੱਖ-ਵੱਖ ਕਿਸਮਾਂ ਦੇ ਹਾਈਬਿ੍ਡ ਬੀਜ ਤਿਆਰ ਕਰੇਗੀ-ਡਾ. ਅਜਮੇਰ ਸਿੰਘ ਢੱਟ
<br/>
ਕਪੂਰਥਲਾ, 1 ਜੂਨ (ਅਮਰਜੀਤ ਕੋਮਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਖ਼ਰਬੂਜ਼ੇ ਦੀ 'ਬੌਬੀ ਹਾਈਬਿ੍ਡ' ਕਿਸਮ ਦੇ ਮੁਕਾਬਲੇ ਤਿਆਰ ਕੀਤੀ 'ਪੰਜਾਬ ਅੰਮਿ੍ਤ' ਖ਼ਰਬੂਜ਼ੇ ਦੀ ਕਿਸਮ ਦੇ ਟਰਾਇਲ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸਫ਼ਲ ਹੋਏ ਹਨ, ਜਿਸ ਨੂੰ ਮੁੱਖ ਰੱਖਦਿਆਂ ਯੂਨੀਵਰਸਿਟੀ ਵਲੋਂ ਅਗਲੇ ਵਰ੍ਹੇ ਰਾਜ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ 'ਪੰਜਾਬ ਅੰਮਿ੍ਤ' ਕਿਸਮ ਦੇ ਖ਼ਰਬੂਜ਼ੇ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਰਿੰਦਪੁਰ ਦੇ ਅਗਾਂਹਵਧੂ ਕਿਸਾਨ ਇੱਛਾ ਸਿੰਘ ਢੋਟ ਦੇ ਫਾਰਮ 'ਤੇ ਕਰਵਾਈ ਗਈ ਫ਼ੀਲਡ ਵਰਕਸ਼ਾਪ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕਈ ਵਰਿ੍ਹਆਂ ਤੋਂ ਖ਼ਰਬੂਜ਼ਾ ਉਤਪਾਦਕ ਕਿਸਾਨ ਬੌਬੀ ਕਿਸਮ ਦੇ ਖ਼ਰਬੂਜ਼ੇ ਦਾ ਸਵਾ ਲੱਖ ਰੁਪਏ ਕਿੱਲੋ ਦੇ ਹਿਸਾਬ ਨਾਲ ਬੀਜ ਖ਼ਰੀਦਦੇ ਹਨ ਅਤੇ ਯੂਨੀਵਰਸਿਟੀ ਵਲੋਂ ਤਿਆਰ ਕੀਤੇ 'ਪੰਜਾਬ ਅੰਮਿ੍ਤ' ਕਿਸਮ ਦੇ ਖ਼ਰਬੂਜ਼ੇ ਦਾ ਬੀਜ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲੇਗਾ | ਉਨ੍ਹਾਂ ਕਿਹਾ ਕਿ ਖ਼ਰਬੂਜ਼ੇ ਦੀ ਇਸ ਨਵੀਂ ਕਿਸਮ ਦਾ ਝਾੜ ਵੀ ਬੌਬੀ ਖ਼ਰਬੂਜ਼ੇ ਦਾ ਮੁਕਾਬਲਾ ਕਰਦਾ ਹੈ ਤੇ ਇਸ ਵਿਚ ਮਿਠਾਸ ਤੇ ਲੋੜੀਂਦੇ ਵਿਟਾਮਿਨ ਵੀ ਉਪਲਬਧ ਹੈ | ਉਪ ਕੁਲਪਤੀ ਨੇ ਕਿਸਾਨਾਂ ਨੂੰ ਬਰਸਾਤੀ ਮੱਕੀ ਬੀਜਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਯੂਨੀਵਰਸਿਟੀ ਕੋਲ ਇਸ ਮੱਕੀ ਦਾ ਬੀਜ ਉਪਲਬਧ ਹੈ | ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਇਸ ਵਾਰ ਪੀ.ਆਰ. 126 ਕਿਸਮ ਦੇ ਝੋਨੇ ਦਾ 22 ਹਜ਼ਾਰ ਕੁਇੰਟਲ ਬੀਜ ਤਿਆਰ ਕੀਤਾ ਗਿਆ ਸੀ, ਜੋ ਕਿਸਾਨਾਂ ਨੂੰ 56 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤਾ ਗਿਆ ਹੈ | ਝੋਨੇ ਦੀ ਸਿੱਧੀ ਬਿਜਾਈ ਸਬੰਧੀ ਡਾ. ਗੋਸਲ ਨੇ ਕਿਹਾ ਕਿ ਪਿਛਲੇ ਵਰ੍ਹੇ 2 ਲੱਖ ਦੇ ਕਰੀਬ ਏਕੜ ਵਿਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਤੇ ਭਾਵੇਂ ਸਰਕਾਰ ਵਲੋਂ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਵੱਲ ਬਹੁਤਾ ਉਤਸ਼ਾਹ ਨਹੀਂ ਦਿਖਾਇਆ, ਕਿਉਂਕਿ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਪਾਣੀ ਤੇ ਬਿਜਲੀ ਮੁਫ਼ਤ ਮਿਲ ਰਹੀ ਹੈ ਉਨੀ ਦੇਰ ਤੱਕ ਉਹ ਸਿੱਧੀ ਬਿਜਾਈ ਵੱਲ ਮੋੜਾ ਨਹੀਂ ਪਾਉਣਗੇ | ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਢੱਟ ਨੇ ਕਿਸਾਨਾਂ ਨੂੰ ਖ਼ਰਬੂਜ਼ੇ ਦੀ ਨਵੀਂ ਕਿਸਮ ਦੀ ਬਿਜਾਈ ਕਰਨ ਦੀ ਅਪੀਲ ਕੀਤੀ | ਉਨ੍ਹਾਂ ਯੂਨੀਵਰਸਿਟੀ ਵਲੋਂ ਜਾਰੀ ਕੀਤੇ ਆਲੂਆਂ ਦੇ ਬੀਜ ਪੀ.ਆਰ. 102 ਬਾਰੇ ਵੀ ਜਾਣਕਾਰੀ ਦਿੱਤੀ | ਇਸੇ ਦੌਰਾਨ ਯੂਨੀਵਰਸਿਟੀ ਦੇ ਐਡੀਸ਼ਨਲ ਡਾਇਰੈਕਟਰ ਵਿਸਥਾਰ ਡਾ. ਤਰਸੇਮ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਇੰਟਰ ਗ੍ਰੇਟਿਡ ਫਾਰਮਿੰਗ ਸਿਸਟਮ ਅਪਣਾਉਣ ਦਾ ਸੱਦਾ ਦਿੱਤਾ | ਖ਼ਰਬੂਜ਼ੇ ਦੀ ਪੰਜਾਬ ਅੰਮਿ੍ਤ ਕਿਸਮ ਤਿਆਰ ਕਰਨ ਵਾਲੇ ਯੂਨੀਵਰਸਿਟੀ ਦੇ ਵੈਜੀਟੇਬਲ ਸਾਇੰਸ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਨੇ ਕਿਹਾ ਕਿ ਖ਼ਰਬੂਜ਼ੇ ਦੀ ਇਹ ਕਿਸਮ ਨੂੰ ਤਿਆਰ ਕਰਨ ਨੂੰ ਉਨ੍ਹਾਂ ਇਕ ਚੁਣੌਤੀ ਵਜੋਂ ਕਬੂਲਿਆ ਸੀ ਤੇ ਲੰਮੇ ਸੰਘਰਸ਼ ਤੋਂ ਬਾਅਦ ਉਹ ਆਪਣੇ ਸਾਥੀ ਵਿਗਿਆਨੀਆਂ ਦੇ ਸਹਿਯੋਗ ਨਾਲ 'ਪੰਜਾਬ ਅੰਮਿ੍ਤ' ਕਿਸਮ ਸਾਲ 2023 ਵਿਚ ਤਿਆਰ ਕਰਨ ਵਿਚ ਸਫ਼ਲ ਹੋਏ ਹਨ | ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਹਰਿੰਦਰ ਸਿੰਘ, ਐਸੋਸੀਏਟ ਪ੍ਰੋ. ਡਾ. ਅਮਨਦੀਪ ਕੌਰ, ਡਾ. ਐਨ.ਐਸ. ਕੰਗ, ਡਾ. ਦਿਲਪ੍ਰੀਤ ਸਿੰਘ, ਡਾ. ਸੁਮਨ ਕੁਮਾਰੀ, ਅਗਾਂਹਵਧੂ ਕਿਸਾਨ ਅਮਰਬੀਰ ਸਿੰਘ ਲਾਲੀ, ਸੁਰਿੰਦਰ ਸਿੰਘ ਢੋਟ, ਕੁਲਦੀਪ ਸਿੰਘ ਢੋਟ, ਤਰਲੋਚਨ ਸਿੰਘ ਬਰਿੰਦਪੁਰ, ਨਿਰਮਲ ਸਿੰਘ, ਡਾ. ਪਰਵਿੰਦਰ ਸਿੰਘ, ਡਾ. ਬਿੰਦੂ, ਹੋਮ ਸਾਇੰਸ ਦੀ ਐਸੋਸੀਏਟ ਪ੍ਰੋ. ਅਵਨੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ |