ਅੰਮਿ੍ਤਸਰ/ਚੌਕ ਮਹਿਤਾ, 2 ਜੂਨ (ਜਸਵੰਤ ਸਿੰਘ ਜੱਸ, ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਰਵਾਇਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਵਲੋਂ ਕੌਮ ਨੂੰ ਸੰਦੇਸ਼ ਜਾਰੀ ਕਰਨ ਅਤੇ ਘੱਲੂਘਾਰੇ ਦੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਮੌਕੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸ਼ਮੂਲੀਅਅਤ ਨੂੰ ਲੈ ਕੇ ਦਮਦਮੀ ਟਕਸਾਲ ਸਮੇਤ ਕੁਝ ਸਿੱਖ ਜਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਵਿਰੋਧ ਬਾਦਸਤੂਰ ਤੱਕ ਜਾਰੀ ਹੈ | ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਜਥਾ ਭਿੰਡਰਾਂ ਚੌਕ ਮਹਿਤਾ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਸ਼ੋ੍ਰਮਣੀ ਕਮੇਟੀ ਵਲੋਂ ਪਿਛਲੇ ਸਮੇਂ ਵਿਚ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕਾਰਜਕਾਰੀ ਜਥੇਦਾਰ ਵਜੋਂ ਕੀਤੀ ਗਈ ਨਿਯੁਕਤੀ ਨੂੰ ਅਪ੍ਰਵਾਨ ਕਰਦਿਆਂ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਇਸ ਵਾਰ 6 ਜੂਨ ਨੂੰ ਜੇਕਰ ਜਥੇਦਾਰ ਗੜਗੱਜ ਨੇ ਕੌਮ ਦੇ ਨਾਂਅ ਸੰਦੇਸ਼ ਦੇਣ ਜਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਕਸਾਲ ਵਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ | ਇਸੇ ਦੌਰਾਨ ਇਸ ਪੇਚੀਦਾ ਪੰਥਕ ਮਸਲੇ ਦੇ ਹੱਲ ਅਤੇ ਟਕਸਾਲ ਮੁਖੀ ਨੂੰ ਮਨਾਉਣ ਲਈ ਲਈ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਦੇ ਇੱਕ ਉੱਚ ਪੱਧਰੀ ਵਫਦ ਵਲੋਂ ਦਮਦਮੀ ਟਕਸਾਲ ਹੈੱਡ ਕੁਆਰਟਰ ਮਹਿਤਾ ਚੌਕ ਵਿਖੇ ਪੁੱਜ ਕੇ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਗਈ ਪਰ ਜਾਣਕਾਰੀ ਅਨੁਸਾਰ ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਵੀ ਟਕਸਾਲ ਮੁਖੀ ਵਲੋਂ ਆਪਣੀ ਮੰਗ 'ਤੇ ਡਟੇ ਰਹਿਣ ਕਾਰਨ ਇਹ ਵਿਵਾਦ ਬਰਕਰਾਰ ਹੈ | ਅੱਜ ਬਾਅਦ ਦੁਪਹਿਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਕ ਵਫਦ ਲੈ ਕੇ ਅੱਜ ਟਕਸਾਲ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨਾਲ ਮੁਲਾਕਾਤ ਕਰਨ ਪੱੁਜੇ | ਵਫ਼ਦ ਵਿਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਰਣਜੀਤ ਸਿੰਘ ਕਾਹਲੋਂ, ਜੋਧ ਸਿੰਘ ਸਮਰਾ ਤੇ ਬਲਜੀਤ ਸਿੰਘ ਜਲਾਲਉਸਮਾ ਤੋਂ ਇਲਾਵਾ ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਮੀਡੀਆ ਹਰਭਜਨ ਸਿੰਘ ਵਕਤਾ ਸ਼ਾਮਿਲ ਸਨ | ਮੁਲਾਕਾਤ ਉਪਰੰਤ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਦੇ ਸਮਾਗਮ ਸੰਬੰਧੀ ਟਕਸਾਲ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨਾਲ ਚੰਗੇ ਮਾਹੌਲ ਵਿਚ ਗੱਲਬਾਤ ਹੋਈ ਹੈ | ਉਨ੍ਹਾਂ ਕਿਹਾ ਕਿ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਦੀ ਨਿਯੁਕਤੀ ਮੌਕੇ ਮਰਯਾਦਾ ਨੂੰ ਲੈ ਕੇ ਟਕਸਾਲ ਸਮੇਤ ਕਈ ਜਥੇਬੰਦੀਆਂ ਵਲੋਂ ਸਵਾਲ ਚੁੱਕੇ ਗਏ ਸਨ ਕਿ ਸਮੁੱਚੇ ਪੰਥ ਨੇ ਇਸ ਨਿਯੁਕਤੀ 'ਤੇ ਅਜੇ ਤੱਕ ਮੋਹਰ ਨਹੀਂ ਲਗਾਈ, ਇਸ ਲਈ ਗਿਆਨੀ ਗੜਗੱਜ ਘੱਲੁੂਾਰਾ ਸਮਾਗਮ ਮੌਕੇ ਕੌਮ ਦੇ ਨਾਂਮ ਸੰਦੇਸ਼ ਨਾ ਪੜ੍ਹਣ ਤੇ ਕੋਈ ਹੋਰ ਸਿੰਘ ਸਾਹਿਬ ਸ਼ਹੀਦ ਪਰਿਵਾਰਾਂ ਨੂੰ ਸਤਿਕਾਰ ਦੇਣ ਦੀ ਰਸਮ ਅਦਾ ਕਰਨ | ਉਨ੍ਹਾਂ ਕਿਹਾ ਵਧੀਆ ਮਾਹੌਲ ਵਿਚ ਗੱਲਬਾਤ ਹੋਈ ਹੈ ਤੇ ਆਸ ਪ੍ਰਗਟਾਈ ਕਿ ਇੱਕ ਦੋ ਦਿਨਾਂ ਵਿਚ ਮੌਜੂਦਾ ਵਿਵਾਦ ਦਾ ਸੁਖਾਵਾਂ ਹੱਲ ਜਲਦ ਨਿਕਲ ਆਵੇਗਾ |
ਟਕਸਾਲ ਮੁਖੀ ਦਾ ਪੱਖ
ਇਸੇ ਦੌਰਾਨ ਸੰਤ ਗਿਆਨੀ ਹਰਨਾਮ ਸਿੰੰਘ ਖ਼ਾਲਸਾ ਨੇ ਕਿਹਾ ਕਿ ਇਸ ਵਾਰ ਘੱਲੂਘਾਰਾ ਦਿਵਸ ਨੂੰ ਲੈ ਕੇ ਪੰਥ ਵਿਚ ਵੱਡਾ ਮਸਲਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਜਥੇਦਾਰ ਉਹ ਹੋਣਾ ਚਾਹੀਦਾ ਹੈ, ਜਿਸ ਨੂੰ ਸਮੁੱਚੀ ਕੌਮ ਨੇ ਮਾਨਤਾ ਦਿੱਤੀ ਹੋਵੇ | ਉਨ੍ਹਾਂ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਤ ਸਮਾਜ, ਨਿਹੰਗ ਸਿੰਘ ਤੇ ਸੰਘਰਸ਼ੀਲ ਸਿੱਖ ਜਥੇਬੰਦੀਆਂ ਅਤੇ ਕੌਮ ਨੇ ਪ੍ਰਵਾਨ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਸ਼ੋ੍ਰਮਣੀ ਕਮੇਟੀ ਨੇ ਗਿਆਨੀ ਗੜਗੱਜ ਨੂੰ ਲੈ ਕੇ ਟਕਸਾਲ ਸਮੇਤ ਸਿਖ ਜਥੇਬੰਦੀਆਂ ਦੀ ਅਪੀਲ ਪ੍ਰਵਾਨ ਨਾ ਕੀਤੀ ਤਾਂ ਉਨ੍ਹਾਂ ਦਾ 6 ਜੂਨ ਨੂੰ ਸਖਤ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਸਾਰਥਿਕ ਹੱਲ ਜਲਦੀ ਲੱਭਿਆ ਜਾਣਾ ਚਾਹੀਦਾ ਹੈ | ਇਸ ਮੌਕੇ ਸਿੱਖ ਸਟੂਡੈਂਟਸ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ |
ਧਾਮੀ ਦੀ ਅਗਵਾਈ 'ਚ ਉੱਚ ਪਧਰੀ ਵਫ਼ਦ ਵਲੋਂ ਦਮਦਮੀ ਟਕਸਾਲ ਮੁਖੀ ਨਾਲ ਮੁਲਾਕਾਤ <br/>
ਅਜੀਤ ਡੈਸਕ
03-06-2025