ਸਹਿ ਦੋਸ਼ੀ ਠੇਕੇਦਾਰ ਰਾਜ ਕੁਮਾਰ ਗਿ੍ਫ਼ਤਾਰ, ਦੋ ਦਿਨਾ ਪੁਲਿਸ ਰਿਮਾਂਡ
ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ ਦੇ ਧਮਾਕਾ ਮਾਮਲੇ ਦੇ ਸਹਿ ਦੋਸ਼ੀ ਠੇਕੇਦਾਰ ਰਾਜ ਕੁਮਾਰ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ | ਮਲੋਟ 'ਚ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਨਦੀਪ ਕੌਰ ਦੀ ਅਦਾਲਤ ਨੇ ਉਸ ਨੂੰ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਹੈ | ਇਸ ਤੋਂ ਫ਼ੈਕਟਰੀ ਮਾਲਕ 'ਆਪ' ਆਗੂ ਤਰਸੇਮ ਸਿੰਘ ਤੇ ਉਸ ਦੇ ਪੁੱਤਰ ਨਵਰਾਜ ਸਿੰਘ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਿਆ ਹੈ | ਦੋਵੇਂ ਪਿਉ-ਪੁੱਤ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ ਹਨ | ਥਾਣਾ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਮਾਮਲੇ ਸੰਬੰਧੀ ਹੋਰ ਤੱਥ ਜੁਟਾਏ ਜਾਣਗੇ |
ਮੰਡੀ ਕਿੱਲਿਆਂਵਾਲੀ, 2 ਜੂਨ (ਇਕਬਾਲ ਸਿੰਘ ਸ਼ਾਂਤ)-ਫਤੂਹੀਵਾਲਾ ਦੀ ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ ਦੇ ਜ਼ਖ਼ਮੀ ਕਾਰੀਗਰਾਂ ਨੇ ਫ਼ੈਕਟਰੀ ਦੇ ਕੰਮਕਾਜ ਸੰਬੰਧੀ ਅਹਿਮ ਖ਼ੁਲਾਸੇ ਕੀਤੇ ਹਨ | ਕਾਰੀਗਰਾਂ ਮੁਤਾਬਿਕ ਫ਼ੈਕਟਰੀ ਵਿਚ ਮਾਚਿਸ ਪਟਾਕੇ ਬਣਾਉਣ ਲਈ ਕਥਿਤ ਵਿਦੇਸ਼ੀ ਕੈਮੀਕਲ 999 ਦੀ ਵਰਤੋਂ ਵੀ ਹੁੰਦੀ ਸੀ | ਇਸੇ ਕੈਮੀਕਲ ਦਾ ਖ਼ਤਰਨਾਕ ਪ੍ਰਭਾਵ ਧਮਾਕੇ ਦਾ ਕਾਰਨ ਬਣਿਆ | ਫ਼ੈਕਟਰੀ ਦੇ ਜ਼ਖ਼ਮੀ ਪ੍ਰਵਾਸੀ ਕਾਰੀਗਰਾਂ ਮੁਤਾਬਿਕ ਖ਼ਰਾਬ ਮੌਸਮ ਮੌਕੇ ਬਿਜਲਈ ਤਾਰਾਂ ਦੀ ਚੰਗਿਆੜੀ ਤੇ ਕੈਮੀਕਲ 999 ਦੇ ਮਾਰੂ ਪ੍ਰਭਾਵ ਦੇ ਤਾਲਮੇਲ ਸਦਕਾ ਧਮਾਕਾ ਹੋਇਆ | ਇਹ ਕੈਮੀਕਲ ਠੇਕੇਦਾਰਾਂ ਜ਼ਰੀਏ ਚੀਨ ਤੋਂ ਮੰਗਵਾਇਆ ਜਾਂਦਾ ਹੈ | ਹੈਰਾਨੀਜਨਕ ਹੈ ਕਿ ਬੀਤੇ ਪੰਜ-ਛੇ ਮਹੀਨੇ ਤੋਂ ਬਾਰੂਦੀ ਕੈਮੀਕਲ ਬੇਖੌਫ਼ ਇਲਾਕੇ 'ਚ ਪੁੱਜਦੇ ਰਹੇ | ਕਰੀਬ 55 ਪ੍ਰਵਾਸੀ ਕਾਰੀਗਰ ਬਿਨਾਂ ਪੁਲਿਸ ਵੈਰੀਫ਼ਿਕੇਸ਼ਨ ਦੇ ਇਲਾਕੇ 'ਚ ਰੁਜ਼ਗਾਰ ਕਰਦੇ ਰਹੇ | ਕਿਸੇ ਨੂੰ ਸੁੰਦਕ ਨਹੀਂ ਲੱਗੀ | ਪੁਲਿਸ ਤੇ ਪ੍ਰਸ਼ਾਸਨ ਵਲੋਂ ਜ਼ਾਹਿਰ ਅਨਜਾਣਤਾ 'ਤੇ ਲੋਕਾਂ ਦੇ ਗਲੇ ਹੇਠੋਂ ਨਹੀਂ ਉਤਰ ਰਹੀ | ਜ਼ਖ਼ਮੀ ਕਾਰਗੀਰਾਂ ਨੇ ਫ਼ੈਕਟਰੀ 'ਚ ਰੋਜ਼ਾਨਾ ਕਈ ਬਰਾਂਡਾਂ ਦੇ ਕਰੀਬ 15-16 ਲੱਖ ਰੁਪਏ ਦੇ ਮਾਚਿਸ ਪਟਾਕੇ ਬਣਨ ਦਾ ਦਾਅਵਾ ਕੀਤਾ ਹੈ, ਜੋ ਦੇਹਰਾਦੂਨ ਤੇ ਜੈਪੁਰ ਸਪਲਾਈ ਹੁੰਦੇ ਸਨ | ਪਟਾਕੇ ਬਣਾਉਣ ਲਈ 999 ਕੈਮੀਕਲ ਦੇ ਇਲਾਵਾ ਜੂਟ, ਸਲਫ਼ਰ ਤੇ ਕੋਇਲਾ ਵਗੈਰਾ ਵਰਤਿਆ ਜਾਂਦਾ ਸੀ | ਸਿਵਲ ਹਸਪਤਾਲ ਬਾਦਲ ਵਿਖੇ ਪਟਾਕਾ ਕਾਰੀਗਰ ਮੋਹਿਤ ਭਾਰਤੀ ਵਾਸੀ ਹਾਥਰਸ ਨੇ ਦੱਸਿਆ ਕਿ ਉਹ ਘਟਨਾ ਮੌਕੇ ਫ਼ੈਕਟਰੀ ਮੂਹਰਲੇ ਖੇਤ ਵਿਚ ਜਾਗਦਾ ਪਿਆ ਸੀ | ਮੌਸਮ ਖ਼ਰਾਬ ਹੋਣ ਕਰਕੇ ਉਸ ਨੇ ਬਿਜਲਈ ਤਾਰਾਂ ਦੀ ਚੰਗਿਆੜੀ ਵੇਖ ਰਾਤਰੀ ਸ਼ਿਫ਼ਟ ਦੇ 15 ਕਾਰੀਗਰਾਂ ਨੂੰ ਚੌਕਸ ਕੀਤਾ | ਮੋਹਿਤ ਮੁਤਾਬਿਕ ਜਦੋਂ ਤੱਕ ਕਾਰੀਗਰ ਪਟਾਕਾ ਮੇਕਿੰਗ ਯੂਨਿਟ ਵਿਚੋਂ ਦੌੜ ਕੇ ਬਾਹਰ ਆਏ, ਤਾਂ ਚੰਗਿਆੜੀਆਂ 999 ਕੈਮੀਕਲ ਨਾਲ ਤਰੰਗੀ ਪ੍ਰਭਾਵ ਧਮਾਕੇ ਦਾ ਰੂਪ ਲੈ ਚੁੱਕਿਆ ਸੀ | ਜ਼ਖ਼ਮੀ ਕਾਰੀਗਰ ਟਿੰਕੂ ਵਾਸੀ ਹਾਥਰਸ ਨੇ ਦੱਸਿਆ ਕਿ ਫ਼ੈਕਟਰੀ 'ਚ ਕੱਚੀ ਛੱਤ ਵਾਲੇ ਕਮਰੇ ਵਿਚ ਹੱਥਾਂ ਨਾਲ ਪਟਾਕੇ ਬਣਦੇ ਸਨ | ਬਿਜਲੀ ਤਾਰਾਂ ਦੀ ਚੰਗਿਆੜੀ ਡਿੱਗਣ ਨਾਲ ਧਮਾਕਾ ਹੋ ਗਿਆ | ਉਹ ਦੋ ਮਹੀਨੇ ਤੋਂ ਪਟਾਕਾ ਯੂਨਿਟ 'ਚ ਕੰਮ ਕਰ ਰਿਹਾ ਸੀ | ਟਿੰਕੂ ਨੇ ਕਿਹਾ ਕਿ ਇੱਥੇ ਰੋਜ਼ਾਨਾ 15-16 ਲੱਖ ਰੁਪਏ ਦੇ ਮਾਚਿਸ ਪਟਾਕੇ ਬਣਦੇ ਸੀ | ਵੀਹ ਦਿਨ ਤੋਂ ਨੌਕਰੀ 'ਤੇ ਲੱਗੇ ਜ਼ਖ਼ਮੀ ਕਾਰਗੀਰ ਇਮਰਾਨ ਨੇ ਕਿਹਾ ਕਿ ਉਹ ਪਹਿਲਾਂ ਫਰੀਦਾਬਾਦ ਵਿਖੇ ਪਟਾਕਾ ਪੈਕਿੰਗ ਦਾ ਕੰਮ ਕਰਦਾ ਸੀ, ਉੱਥੇ ਸਿਰਫ਼ ਪਟਾਕੇ ਪੈਕਿੰਗ ਹੁੰਦੇ, ਇੱਥੇ ਜੁਗਾੜੂ ਢੰਗ ਨਾਲ ਬਿਨਾਂ ਸੁਰੱਖਿਆ ਮਾਣਕਾਂ ਦੇ ਪਟਾਕੇ ਤੇ ਪੈਕਿੰਗ ਇਕੋ ਥਾਂ ਹੋ ਰਹੀ ਸੀ | ਇਮਰਾਨ ਮੁਤਾਬਿਕ ਉਨ੍ਹਾਂ ਨੂੰ 480 ਡੱਬੀਆਂ ਵਾਲੇ ਇਕ ਪੇਟੀ ਦੀ ਪੈਕਿੰਗ ਲਈ ਡੇਢ ਸੌ ਰੁਪਏ ਉਜ਼ਰਤ ਮਿਲਦੀ ਸੀ | ਉਹ ਰੋਜ਼ਾਨਾ 30 ਪੇਟੀਆਂ ਦੀ ਪੈਕਿੰਗ ਕਰਦੇ ਸਨ | ਉਸ ਨੂੰ ਅੱਜ ਤੱਕ ਮਜ਼ਦੂਰੀ ਦਾ ਇਕ ਰੁਪਏ ਵੀ ਨਹੀਂ ਮਿਲਿਆ ਸੀ | ਪਾਵਰਕਾਮ ਸੂਤਰਾਂ ਮੁਤਾਬਿਕ ਕਮਰਸ਼ੀਅਲ ਬਿਜਲੀ ਟਰਾਂਸਫ਼ਾਰਮਰ ਲੱਗਿਆ ਹੈ, ਜੋ ਕਿ 3 ਮਹੀਨੇ ਪਹਿਲਾਂ ਇਕ ਲੱਖ ਰੁਪਏ ਤੋਂ ਵੱਧ ਬਿੱਲ ਨਾ ਭਰਨ ਕਰਕੇ ਕੱਟ ਦਿੱਤਾ ਗਿਆ ਸੀ | ਜਦਕਿ ਫ਼ੈਕਟਰੀ ਦੇ ਰਿਹਾਇਸ਼ੀ ਕਮਰਿਆਂ 'ਚ ਘਰੇਲੂ ਮੀਟਰ ਚਾਲੂ ਹਾਲਤ ਹੈ |
ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ ਦੇ ਜ਼ਖ਼ਮੀ ਕਾਰੀਗਰਾਂ ਵਲੋਂ ਅਹਿਮ ਖ਼ੁਲਾਸੇ <br/>
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਧਮਾਕੇ ਦੇ ਜ਼ਖ਼ਮੀ ਕਾਰੀਗਰ ਮੋਹਿਤ ਭਾਰਤੀ, ਟਿੰਕੂ ਅਤੇ ਇਮਰਾਨ | <br/>
03-06-2025