ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਜੇਕਰ ਤੁਹਾਡੀ ਸਿਹਤ ਖ਼ਰਾਬ ਹੈ ਤਾਂ ਅੱਜ ਤੁਸੀਂ ਡਾਕਟਰ ਨੂੰ ਦਿਖਾ ਕੇ ਦਵਾਈ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 24 ਘੰਟੇ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਲਗਪਗ ਹਰੇਕ ਆਯੂਸ਼ਮਾਨ ਆਰੋਗਿਆ ਕੇਂਦਰ (ਆਮ ਆਦਮੀ ਮੁਹੱਲਾ ਕਲੀਨਿਕ) ਦਾ ਡਾਕਟਰ ਮੌਜੂਦ ਨਹੀਂ ਰਹੇਗਾ | ਦਿਲਚਸਪ ਗੱਲ ਇਹ ਕਿ ਨਾ ਤਾਂ ਪੰਜਾਬ ਸਰਕਾਰ ਵਲੋਂ ਡਾਕਟਰਾਂ ਲਈ ਕੋਈ ਛੁੱਟੀ ਐਲਾਨੀ ਗਈ ਹੈ ਅਤੇ ਨਾ ਹੀ ਡਾਕਟਰਾਂ ਦੀ ਕੋਈ ਹੜਤਾਲ ਹੈ, ਪ੍ਰੰਤੂ ਇਸ ਦੇ ਬਾਵਜੂਦ ਮੰਗਲਵਾਰ ਨੂੰ ਡਾਕਟਰ ਮੁਹੱਲਾ ਕਲੀਨਿਕਾਂ 'ਚ ਮੌਜੂਦ ਨਹੀਂ ਰਹਿਣਗੇ, ਕਿਉਂਕਿ ਸਵਾਲ ਉਨ੍ਹਾਂ ਦੇ ਆਪਣੇ ਭਵਿੱਖ ਦਾ ਹੈ | ਦਰਅਸਲ ਪੰਜਾਬ ਸਰਕਾਰ ਵਲੋਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀ.ਸੀ.ਐਮ.ਐਸ.) ਦੀ ਭਰਤੀ ਲਈ ਡਾਕਟਰਾਂ ਦੀ 3 ਜੂਨ ਦਿਨ ਮੰਗਲਵਾਰ ਨੂੰ ਪ੍ਰੀਖਿਆ ਰੱਖੀ ਗਈ ਹੈ | ਪੰਜਾਬ ਦੇ ਲਗਪਗ ਸਾਰੇ ਹੀ ਮੁਹੱਲਾ ਕਲੀਨਿਕਾਂ 'ਚ ਤਾਇਨਾਤ ਡਾਕਟਰਾਂ ਵਲੋਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਲਗਪਗ ਸਾਰੇ ਹੀ ਡਾਕਟਰਾਂ ਵਲੋਂ ਕੱਲ੍ਹ 3 ਜੂਨ ਦੀ ਛੁੱਟੀ ਲਈ ਹੋਈ ਹੈ, ਤਾਂ ਜੋ ਉਹ ਉਕਤ ਪ੍ਰੀਖਿਆ 'ਚ ਸ਼ਾਮਿਲ ਹੋ ਸਕਣ | ਇਸ ਦੇ ਚੱਲਦਿਆਂ ਮੁਹੱਲਾ ਕਲੀਨਿਕਾਂ 'ਚ ਫਾਰਮਾਸਿਸਟ, ਪੈਰਾ-ਮੈਡੀਕਲ ਸਟਾਫ਼ ਤਾਂ ਹੋਵੇਗਾ, ਪ੍ਰੰਤੂ ਡਾਕਟਰ ਮੌਜੂਦ ਨਹੀਂ ਹੋਣਗੇ | ਇੰਨੀ ਵੱਡੀ ਗਿਣਤੀ 'ਚ ਡਾਕਟਰਾਂ ਦੇ ਛੁੱਟੀ ਲੈਣ ਕਾਰਨ ਕੋਈ ਬਦਲਵੇਂ ਪ੍ਰਬੰਧ ਕੀਤੇ ਜਾਣੇ ਵੀ ਸੰਭਵ ਨਹੀਂ ਜਾਪਦੇ, ਜਿਸ ਦੇ ਚੱਲਦਿਆਂ ਮਰੀਜ਼ਾਂ ਨੂੰ ਮੁਹੱਲਾ ਕਲੀਨਿਕਾਂ 'ਚ ਡਾਕਟਰਾਂ ਨੂੰ ਦਿਖਾਉਣ ਲਈ ਘੱਟੋ-ਘੱਟ ਬੁੱਧਵਾਰ ਤੱਕ ਦਾ ਇਤਜ਼ਾਰ ਕਰਨਾ ਪਵੇਗਾ | ਇਸ ਸੰਬੰਧੀ ਜਦੋਂ ਸਿਵਲ ਸਰਜਨ ਡਾ: ਪਵਨ ਕੁਮਾਰ ਸ਼ਗੋਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਮੁਹੱਲਾ ਕਲੀਨਿਕਾਂ ਦੇ ਡਾਕਟਰਾਂ ਦੇ ਛੁੱਟੀ 'ਤੇ ਜਾਣ ਕਰਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ |