ਮਲੇਰਕੋਟਲਾ, 2 ਜੂਨ (ਮੁਹੰਮਦ ਹਨੀਫ਼ ਥਿੰਦ)-ਵਿਸ਼ਵ ਭਰ ਵਿਚ ਇਸਲਾਮ ਧਰਮ ਵਿਚ ਹਰ ਸਾਲ ਸਿਰਫ਼ 2 ਤਿਉਹਾਰ ਹੀ ਮਨਾਏ ਜਾਂਦੇ ਹਨ | ਈਦ-ਉਲ-ਫਿਤਰ ਦਾ ਤਿਉਹਾਰ ਅਤੇ ਦੂਜਾ ਤਿਉਹਾਰ 'ਈਦ-ਉਲ-ਅਜ਼ਹਾ' (ਬਕਰੀਦ) ਯਾਨੀ ਕਿ ਤਿਆਗ ਅਤੇ ਕੁਰਬਾਨੀ ਦਾ ਪ੍ਰਤੀਕ ਤਿਉਹਾਰ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਵ ਭਰ ਵਿਚ ਤਿੰਨ ਤੱਕ ਮਨਾਇਆ ਜਾਂਦਾ ਹੈ | ਜਿਸਦੇ ਮੱਦੇਨਜ਼ਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸੂਬਿਆਂ ਦੇ ਬੱਕਰਾ ਵਪਾਰੀ ਆਪਣੇ-ਆਪਣੇ ਪਸ਼ੂ ਮਾਲੇਰਕੋਟਲਾ ਦੀ ਨਵੀਂ ਦਾਣਾ ਮੰਡੀ ਮਲੇਰਕੋਟਲਾ ਵਿਖੇ ਬੱਕਰਿਆਂ ਅਤੇ ਖਾਡੂਆਂ ਦੀ ਲੱਗਦੀ ਬੱਕਰਾ ਮੰਡੀ ਵਿਚ ਪਸ਼ੂ ਲੈ ਕੇ ਪੁੱਜਦੇ ਹਨ | ਜ਼ਿਕਰਯੋਗ ਹੈ ਕਿ ਇਹ ਬੱਕਰਾ ਮੰਡੀ ਈਦ ਤੋਂ 10 ਦਿਨ ਪਹਿਲਾਂ ਯਾਨੀ ਕਿ 'ਬਕਰੀਦ' ਦਾ ਚੰਦ ਦਿਖਾਈ ਦੇਣ ਉਪਰੰਤ ਪੂਰੀ ਤਰ੍ਹਾਂ ਨਾਲ ਭਰ ਚੁੱਕੀ ਹੈ | ਲੁਧਿਆਣਾ, ਜਲੰਧਰ, ਅੰਮਿ੍ਤਸਰ, ਪਟਿਆਲਾ, ਖੰਨਾ, ਗੋਬਿੰਦਗੜ੍ਹ, ਸਰਹਿੰਦ ਸ਼ਰੀਫ਼, ਮਲੇਰਕੋਟਲਾ ਅਤੇ ਪੰਜਾਬ ਭਰ ਦੇ ਹੋਰਨਾਂ ਸ਼ਹਿਰਾਂ 'ਚੋਂ ਬੱਕਰਿਆਂ ਅਤੇ ਖਾਡੂਆਂ ਦੀ ਕੁਰਬਾਨੀ ਦੇਣ ਲਈ ਵੱਡੀ ਗਿਣਤੀ ਵਿਚ ਗਾਹਕ ਇਸ ਬੱਕਰਾ ਮੰਡੀ ਵਿਚ ਪਸ਼ੂ ਖ਼ਰੀਦਣ ਲਈ ਪੁੱਜੇ ਹੋਏ ਹਨ | ਇਸ ਮੌਕੇ ਅਬਦੁਲ ਲਤੀਫ਼ ਪੱਪੂ, ਮੁਹੰਮਦ ਰਫ਼ੀਕ ਬਾਬੂ, ਚੌਧਰੀ ਮੁਹੰਮਦ ਸੁਲੇਮਾਨ ਜੌੜਾ, ਤੱਯਬ ਹੁਸੈਨ ਰਾਜਾ, ਨਿਜਾਮਦੀਨ ਬਬਲੀ, ਪਹਿਲਵਾਨ ਅਬਦੁਲ ਰੱਜ਼ਾਕ, ਮੁਹੰਮਦ ਨਾਸਰ, ਮੁਹੰਮਦ ਵਸੀਮ ਕਰਿਆਨਾ ਸਟੋਰ ਆਦਿ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲੇਰਕੋਟਲਾ ਵਿਖੇ ਲੱਗਦੀ ਬੱਕਰਿਆਂ ਅਤੇ ਖਾਡੂਆਂ ਦੀ ਮੰਡੀ ਵਿਚ 10 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 20 ਹਜ਼ਾਰ ਰੁਪਏ ਤੱਕ ਦੇ ਪਸ਼ੂ ਕੁਰਬਾਨੀ ਕਰਨ ਲਈ ਲੋਕ ਖ਼ਰੀਦ ਕੇ ਲਿਜਾ ਹਨ | ਖ਼ਰੀਦਦਾਰ ਸੁਲੇਮਾਨ ਜੌੜਾ ਨੇ ਨੇ ਕਿਹਾ ਕਿ ਅੱਲਾਹ ਦੀ ਰਾਹ ਵਿਚ ਕੁਰਬਾਨੀ ਕਰਨ ਲਈ ਪਸ਼ੂ ਚਾਹੇ ਜਿੰਨਾ ਮਰਜ਼ੀ ਮਹਿੰਗਾ ਹੋਵੇ ਪਰੰਤੂ ਪਸ਼ੂ ਖ਼ੂਬਸੂਰਤ ਅਤੇ ਸੋਹਣੀ ਦਿੱਖ ਵਾਲਾ ਹੋਣਾ ਚਾਹੀਦਾ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਟੀਮ ਵਲੋਂ ਪੀਣ ਵਾਲੇ ਪਾਣੀ ਸਮੇਤ ਹੋਰ ਵੀ ਸੁਵਿਧਾਵਾਂ ਮੁਹੱਈਆ ਕੀਤੀਆਂ ਗਈਆਂ ਹਨ |
ਬੱਕਰਿਆਂ ਤੇ ਖਾਡੂਆਂ ਦੀ ਮੰਡੀ 'ਚ 10 ਹਜ਼ਾਰ ਤੋਂ ਲੈ ਕੇ 1 ਲੱਖ 20 ਹਜ਼ਾਰ ਰੁਪਏ ਤੱਕ ਵਿਕ ਰਹੇ ਹਨ ਬੱਕਰੇ <br/>
ਅਜੀਤ ਡੈਸਕ
03-06-2025