ਮਜੀਠਾ, 2 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਪੰਜਾਬ 'ਚ ਦਿਨ-ਬ-ਦਿਨ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਵਿਵਸਥਾ ਅਤੇ ਸੂਬੇ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਆਰਥਿਕ ਵਿਵਸਥਾ ਕਰਕੇ ਸੂਬਾ ਇਸ ਵਕਤ ਆਈ. ਸੀ. ਯੂ ਵਿਚ ਪਿਆ ਹੈ ਐਮਰਜੰਸੀ ਵਰਗੇ ਹਾਲਾਤ ਬਣੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਬੈਠਕ ਉਪਰੰਤ ਗੱਲਬਾਤ ਕਰਦਿਆਂ ਕੀਤਾ | ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਰਕਾਰ ਲੋਕ ਮਸਲਿਆਂ ਦਾ ਹੱਲ ਕਰਨ ਵਿਚ ਨਾਕਾਮ ਸਾਬਤ ਹੋਈ ਹੈ | ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਸਰਕਾਰ ਦਾ ਵਾਅਦਾ ਪੂਰਾ ਨਹੀਂ ਹੋਇਆ | ਮੁਲਾਜ਼ਮਾਂ ਨੇ ਅਦਾਲਤਾਂ ਦਾ ਸਹਾਰਾ ਲੈ ਕੇ ਇਹ ਲਾਭ ਲਿਆ ਹੈ | ਬੇਰੁਜ਼ਗਾਰਾਂ ਨੂੰ ਨੌਕਰੀ ਨਹੀਂ ਦਿੱਤੀ ਗਈ | ਸਿਰਫ ਤੇ ਸਿਰਫ ਦਿੱਲੀ ਤੋਂ ਆਪਣੇ ਚਹੇਤਿਆਂ ਨੂੰ ਪੰਜਾਬ ਵਿਚ ਉੱਚ ਅਹੁਦਿਆਂ 'ਤੇ ਬਿਠਾ ਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ | ਪੰਜਾਬ ਦਾ ਸਾਰਾ ਖ਼ਜ਼ਾਨਾ ਦਿੱਲੀ ਤੋਂ ਲਿਆਂਦੇ ਆਪਣੇ ਅਕਾਵਾਂ 'ਤੇ ਖ਼ਰਚਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ | ਸਾਰੇ ਵੱਡੇ ਅਹੁਦਿਆਂ 'ਤੇ ਦਿੱਲੀ ਦੇ ਲੋਕ ਕਾਬਜ ਹਨ | ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਸੀਨੀਅਰ ਮੀਤ ਪ੍ਰਧਾਨ ਪਿ੍ੰਸ ਨਈਅਰ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਬਿੱਲਾ ਸ਼ਾਹ ਆੜ੍ਹਤੀਆ, ਅਜੈ ਕੁਮਾਰ ਚੋਪੜਾ, ਭੁਪਿੰਦਰ ਸਿੰਘ ਬੱਬੀ ਭੰਗਵਾਂ, ਕਵਲਦੀਪ ਸਿੰਘ ਲਾਲੀ, ਦੀਪਕ ਆੜ੍ਹਤੀਆ, ਨਰੇਸ਼ ਕੁਮਾਰ, ਡਿੰਪਾ ਮਜੀਠਾ, ਕੁਲਦੀਪ ਕੁਮਾਰ ਰੇਡੀਮੇਡ ਵਾਲਾ, ਮੋਹਿਤ ਕੁਮਾਰ, ਵਿੱਕੀ, ਪੰਕਜ, ਰਾਜੂ ਕਾਮਰੇਡ, ਰਸ਼ਪਾਲ ਸਿੰਘ ਗਿੱਲ, ਹਰਜੋਤ ਸਿੰਘ ਸੋਖੀ, ਡਾ: ਬਿੱਟੂ, ਅਜੀਤ ਸਿੰਘ ਆਰੇ ਵਾਲੇ, ਕੇਵਲ ਕਿ੍ਸ਼ਨ, ਖੇਮ ਚੰਦ, ਰਾਜ ਕਿਰਨ ਰਾਜੂ, ਅਰੁਣ ਭੱਲਾ ਆਦਿ ਅਕਾਲੀ ਵਰਕਰ ਹਾਜ਼ਰ ਸਨ |
ਪੰਜਾਬ ਨੂੰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ-ਮਜੀਠੀਆ <br/>
ਅਜੀਤ ਡੈਸਕ
03-06-2025