ਪਟਿਆਲਾ, 2 ਜੂਨ (ਮਨਦੀਪ ਸਿੰਘ ਖਰੌੜ)-ਪਿਛਲੇ ਇਕ ਦਹਾਕੇ ਤੋਂ ਰੂਪੋਸ਼ ਚਲ ਰਹੇ ਇਕ 77 ਸਾਲਾ ਵਿਅਕਤੀ ਨੂੰ ਦਿੱਲੀ ਦੀ ਪੁਲਿਸ ਟੀਮ ਨੇ ਪਟਿਆਲਾ ਦੇ ਇਕ ਬਿਰਧ ਆਸ਼ਰਮ 'ਚੋਂ ਗਿ੍ਫ਼ਤਾਰ ਕਰਨ ਸੰਬੰਧੀ ਸੂਤਰਾਂ ਨੇ ਦੰਸਿਆ ਹੈ | ਕੇਸ ਫਾਈਲ ਅਨੁਸਾਰ ਸੀਤਾ ਰਾਮ ਗੁਪਤਾ ਜਿਸ 'ਤੇ ਧੋਖਾਧੜੀ ਮਾਮਲੇ 'ਚ ਕੇਸ ਦਰਜ ਸੀ ਅਤੇ 2007 ਵਿਚ ਉਹ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਪਰ ਉਸ ਤੋਂ ਬਾਅਦ ਉਹ ਦੁਬਾਰਾ ਜੇਲ੍ਹ ਨਹੀਂ ਗਿਆ ਜਿਸ ਦੀ ਭਾਲ ਲਈ ਪੁਲਿਸ ਟੀਮਾਂ ਲੱਗੀਆਂ ਹੋਈਆਂ ਸਨ | ਇਸੇ ਸਿਲਸਿਲੇ ਤਹਿਤ ਉਕਤ ਵਿਅਕਤੀ ਨੂੰ ਪੁਲਿਸ ਟੀਮ ਵਲੋਂ ਪਟਿਆਲਾ ਦੇ ਇਕ ਬਜ਼ੁਰਗ ਘਰ 'ਚੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਇਹ ਵਿਅਕਤੀ ਆਪਣਾ ਭੇਸ ਬਦਲ ਕੇ ਅਤੇ ਆਪਣੀ ਅਸਲ ਪਛਾਣ ਲੁਕੋ ਕੇ ਪਿਛਲੇ ਕਈ ਸਾਲਾਂ ਤੋਂ ਪਟਿਆਲਾ ਦੇ ਇਕ ਬਿਰਧ ਆਸ਼ਰਮ ਵਿਚ ਰਹਿ ਰਿਹਾ ਸੀ ਜਿਥੋਂ ਇਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਪਟਿਆਲਾ ਦੇ ਕਿਸ ਬਿਰਧ ਆਸ਼ਰਮ ਵਿਚ ਇਹ ਵਿਅਕਤੀ ਰਹਿ ਰਿਹਾ ਸੀ ਅਤੇ ਇੰਨੇ ਲੰਮੇ ਸਮੇਂ ਬਾਅਦ ਇਸ ਵਿਅਕਤੀ ਦੀ ਪਹਿਚਾਣ ਕਿਵੇਂ ਹੋਈ | ਇਸ ਦੀ ਹਾਲੇ ਤੱਕ ਕਿਸੇ ਨੇ ਪੁਸ਼ਟੀ ਨਹੀਂ ਕੀਤੀ |