ਕਿਹਾ, ਜੋ ਜਥੇਦਾਰ ਕੌਮ ਨੂੰ ਪ੍ਰਵਾਨ ਨਹੀਂ, ਉਸ ਵਲੋਂ ਘੱਲੂਘਾਰਾ ਸਮਾਗਮ ਸਮੇਂ ਕੌਮ ਦੇ ਨਾਂਅ ਸੰਦੇਸ਼ ਦੇਣਾ ਕਿਸੇ ਤਰ੍ਹਾਂ ਵੀ ਉੱਚਿਤ ਨਹੀਂ
<br/>
ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਵਿਚਾਰ-ਵਟਾਂਦਰੇ ਉਪਰੰਤ ਫ਼ੈਸਲਾ ਲਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਜਥੇਦਾਰ ਸਮੁੱਚੀ ਕੌਮ ਨੂੰ ਪ੍ਰਵਾਨ ਨਹੀਂ, ਉਸ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਘੱਲੂਘਾਰਾ ਸਮਾਗਮ ਸਮੇਂ ਕੌਮ ਦੇ ਨਾਮ ਸੰਦੇਸ਼ ਦੇਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਇਸ ਦਾ ਡੱਟਵਾਂ ਵਿਰੋਧ ਕਰਨਗੀਆਂ | ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਦਲ ਪੰਥ ਬਾਬਾ ਬਿਧੀ ਚੰਦ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ, ਮਿਸਲ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ ਨੇ ਅੱਜ ਇਥੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਮਰਯਾਦਾ ਦੀ ਬਹਾਲੀ ਲਈ ਸਾਰੀਆਂ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਸੰਤ ਮਹਾਂਪੁਰਸ਼, ਪੰਥਕ ਜਥੇਬੰਦੀਆਂ ਮੁਕੰਮਲ ਰੂਪ ਵਿਚ ਇਕਜੁੱਟ ਹਨ | ਉਨ੍ਹਾਂ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪੰਥਕ ਮਰਯਾਦਾ ਅਨੁਸਾਰ ਜਥੇਦਾਰ ਨਹੀਂ ਬਣੇ ਇਸ ਲਈ ਉਸ ਨੂੰ ਕੌਮੀ ਮਾਮਲਿਆਂ ਵਿਚ ਸਿੱਧਾ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਿਹੰਗ ਸਿੰਘ ਮੁਖੀਆਂ ਨਾਲ ਮੀਟਿੰਗ ਕਰਕੇ ਜਲਦ ਸਰਬ ਪ੍ਰਵਾਨਤ ਜਥੇਦਾਰ ਦੀ ਨਿਯੁਕਤੀ ਕਰਨ ਦਾ ਬਚਨ ਦਿੱਤਾ ਸੀ ਪਰ ਇੰਨਾ ਸਮਾਂ ਬੀਤਣ ਦੇ ਬਾਅਦ ਵੀ ਕੋਈ ਫ਼ੈਸਲਾ ਨਹੀਂ ਲਿਆ ਗਿਆ | ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਨਿਹੰਗ ਸਿੰਘ ਮੁਖੀਆਂ ਨੇ ਕਿਹਾ ਸ਼ੋ੍ਰਮਣੀ ਕਮੇਟੀ ਨੂੰ ਚਲਾਉਣ ਵਾਲੇ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਫ਼ੈਸਲੇ ਨਾ ਲੈਣ, ਕਿਉਂਕਿ ਅਜਿਹੇ ਫ਼ੈਸਲਿਆਂ ਨਾਲ ਦਿਨੋਂ ਦਿਨ ਤਖ਼ਤ ਸਾਹਿਬਾਨ ਦੀ ਮਰਯਾਦਾ ਨੂੰ ਵੀ ਢਾਹ ਲੱਗ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਨੇ ਵੀ ਸਪੱਸ਼ਟ ਰੂਪ ਵਿਚ ਗਿਆਨੀ ਗੜਗੱਜ ਤੋਂ ਸਿਰੋਪਾਓ ਲੈਣ ਤੋਂ ਨਾਂਹ ਕਰ ਦਿੱਤੀ ਹੈ | ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਿਹੰਗ ਸਿੰਘਾਂ ਦੀ ਜਿੰਦ ਜਾਨ ਤੇ ਸਰਬਉੱਚ ਧਾਰਮਿਕ ਅਸਥਾਨ ਹਨ, ਇਥੇ ਅਜਿਹੀ ਕੋਈ ਟਕਰਾਅ ਵਾਲੀ ਸਥਿਤੀ ਨਹੀਂ ਬਨਣੀ ਚਾਹੀਦੀ | ਸ਼੍ਰੋਮਣੀ ਕਮੇਟੀ ਨੂੰ ਆਪਣੇ ਫ਼ੈਸਲਿਆਂ ਸੰਬੰਧੀ ਸਵੈ-ਪੜਚੋਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਪਹਿਲਾਂ ਹੀ ਫ਼ੈਸਲਾ ਕੀਤਾ ਹੋਇਆ ਹੈ ਕਿ ਇਸ ਜਥੇਦਾਰ ਗਿਆਨੀ ਗੜਗੱਜ ਨੂੰ ਨਾ ਸਿਰੋਪਾਓ ਦਿੱਤਾ ਜਾ ਸਕਦਾ, ਨਾ ਲਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਤਖ਼ਤਾਂ ਦੀ ਮਾਣ ਮਰਯਾਦਾ ਕਾਇਮ ਰੱਖਣੀ ਸ਼੍ਰੋਮਣੀ ਕਮੇਟੀ ਤੇ ਹਰੇਕ ਸਿੱਖ ਦਾ ਮੁੱਢਲਾ ਫ਼ਰਜ਼ ਹੈ ਤੇ ਤਖ਼ਤ ਸਾਹਿਬਾਨ ਦੀ ਆਨ, ਬਾਣ, ਸ਼ਾਨ ਅਤੇ ਮਰਯਾਦਾ ਪੂਰਨ ਤੌਰ 'ਤੇ ਬਹਾਲ ਹੋਣੀ ਚਾਹੀਦੀ ਹੈ |
ਨਿਹੰਗ ਸਿੰਘ ਜਥੇਬੰਦੀਆਂ ਵਲੋਂ ਵੀ ਗਿਆਨੀ ਗੜਗੱਜ ਦੇ ਵਿਰੋਧ ਦਾ ਫ਼ੈਸਲਾ <br/>
ਅਜੀਤ ਡੈਸਕ
04-06-2025