ਪਟਿਆਲਾ, 3 ਜੂਨ (ਮਨਦੀਪ ਸਿੰਘ ਖਰੌੜ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਪਟਿਆਲਾ ਜੇਲ੍ਹ ਪੁੱਜੇ | ਇਥੇ ਜਥੇਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਈ ਰਾਜੋਆਣਾ ਕੌਮ ਦਾ ਸਰਮਾਇਆ ਹਨ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਦੇ ਵਿਤਕਰੇ ਭਰੇ ਰਵੱਈਏ ਖਿਲਾਫ਼ ਸਿੱਖ ਪੰਥ ਇੱਕਜੁੱਟ ਹੈ | ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਾ ਕਰਨਾ ਸਪਸ਼ਟ ਕਰਦਾ ਹੈ ਕਿ ਸਰਕਾਰ ਸਿੱਖਾਂ ਪ੍ਰਤੀ ਸੁਹਿਰਦ ਨਹੀਂ ਹੈ | ਮੁਲਾਕਾਤ ਉਪਰੰਤ ਜਥੇਦਾਰ ਨੇ ਭਾਈ ਰਾਜੋਆਣਾ ਵਲੋਂ ਦਿੱਤੇ ਸੁਨੇਹੇ ਨੂੰ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਕੌਮ ਦੇ ਦਿਹਾੜਿਆਂ ਨੂੰ ਪੰਥਕ ਰਿਵਾਇਤਾਂ ਅਤੇ ਮਰਿਆਦਾਂ ਨਾਲ ਮਨਾਉਣ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਵੀ ਕਾਇਮ ਰੱਖਿਆ ਜਾਵੇ ਤੇ ਉਨ੍ਹਾਂ ਜਥੇਦਾਰ ਗੜਗੱਜ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਆਖਿਆ ਕਿ ਸਾਰੇ ਜਥੇਦਾਰਾਂ ਕਿਸੇ ਵੀ ਕਿਸਮ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ | ਭਾਈ ਰਾਜੋਆਣਾ ਨੇ ਸੁਨੇਹੇ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਤੋਂ ਜਥੇਦਾਰ ਦੀ ਨਿਯੁਕਤੀ ਕਰਦੀ ਆਈ ਹੈ ਜਿਹੜੇ ਵੀ ਸਿੰਘ ਸਾਹਿਬਾਨ ਨੂੰ ਸਿਰਮੌਰ ਸਿੱਖ ਸੰਸਥਾਵਾਂ ਵਲੋਂ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕਰਦੇ ਹਨ | ਭਾਈ ਰਾਜੋਆਣਾ ਨੇ ਗੁਰੂ ਸਾਹਿਬ ਦੇ ਸਨਮੁੱਖ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਪੱਖੋਂ ਵੀ ਸਿੱਖ ਸੰਸਥਾਵਾਂ ਦਾ ਮਾਣ ਸਤਿਕਾਰ ਘਟਣਾ ਨਹੀਂ ਚਾਹੀਦਾ | ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਅੰਤਿ੍ੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਰਵਿੰਦਰ ਸਿੰਘ ਖਾਲਸਾ, ਜਸਮੇਰ ਸਿੰਘ ਲਾਛੜੂ ਵੀ ਨਾਲ ਸਨ |
ਜਥੇਦਾਰ ਗੜਗੱਜ ਵਲੋਂ ਭਾਈ ਰਾਜੋਆਣਾ ਨਾਲ ਜੇਲ੍ਹ 'ਚ ਮੁਲਾਕਾਤ <br/>
ਅਜੀਤ ਡੈਸਕ
04-06-2025