ਸਮਾਣਾ, 3 ਜੂਨ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਦੇ ਕੀਤੇ ਵਾਅਦੇ ਯਾਦ ਕਰਾਉਣ ਲਈ 12 ਅਕਤੂਬਰ 2024 ਨੂੰ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ 'ਤੇ ਚੜ੍ਹੇ ਭਾਈ ਗੁਰਜੀਤ ਸਿੰਘ ਖ਼ਾਲਸਾ ਦਾ ਸਰੀਰ 233ਵੇਂ ਦਿਨ ਸਾਥ ਛੱਡਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ | ਇਹ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੰਯੋਜਕ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਡਾਕਟਰਾਂ ਅਨੁਸਾਰ ਜੇ ਬੀ.ਪੀ. ਅਤੇ ਪਲਸ ਨਾਰਮਲ ਨਹੀਂ ਹੁੰਦੇ ਤਾਂ ਅਜਿਹੇ ਹਾਲਾਤ ਵਿਚ ਉਨ੍ਹਾਂ ਦੀ ਕੋਈ ਨਸ ਵੀ ਫੱਟ ਸਕਦੀ ਹੈ | ਗੁਰਪ੍ਰੀਤ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਭਾਈ ਗੁਰਜੀਤ ਸਿੰਘ ਖ਼ਾਲਸਾ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਕੈਬਨਿਟ ਦੀ ਹੰਗਾਮੀ ਮੀਟਿੰਗ ਬੁਲਾ ਕੇ ਬੇਅਦਬੀ ਦੇ ਦੋਸ਼ੀਆਂ ਲਈ ਬੇਮਿਸਾਲ ਸਜ਼ਾ ਦੇ ਤਿਆਰ ਹੋਏ ਖਰੜੇ ਨੂੰ ਪ੍ਰਵਾਨਗੀ ਦਿੱਤੀ ਜਾਵੇ ਅਤੇ ਪਾਣੀਆਂ ਦੇ ਮਸਲੇ ਵਾਂਗ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਉਸ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਤਾਂ ਕਿ ਭਾਈ ਗੁਰਜੀਤ ਸਿੰਘ ਖ਼ਾਲਸਾ ਟਾਵਰ ਤੋਂ ਹੇਠਾਂ ਆ ਕੇ ਆਪਣਾ ਯੋਗ ਇਲਾਜ ਕਰਵਾ ਸਕਣ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਸਰਕਾਰ ਦੀ ਢਿੱਲ-ਮੱਠ ਕਿਤੇ ਭਾਈ ਗੁਰਜੀਤ ਸਿੰਘ ਲਈ ਜਾਨਲੇਵਾ ਨਾ ਸਾਬਤ ਹੋ ਜਾਏ | ਭਾਈ ਗੁਰਜੀਤ ਸਿੰਘ ਦੀ ਸਿਹਤ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਬਾਪੂ ਤਰਸੇਮ ਸਿੰਘ, ਸੰਘਰਸ਼ੀ ਆਗੂ ਅਮਿਤੋਜ ਮਾਨ, ਤਲਵਿੰਦਰ ਸਿੰਘ ਔਲਖ, ਗੁਰਦੀਪ ਸਿੰਘ ਭੁੱਲਰ, ਰੰਮੀ ਸਿੰਘ ਸਹਿਗਲ, ਭਾਈ ਮਲਕੀਤ ਸਿੰਘ ਧਰਮੀ ਫ਼ੌਜੀ, ਸੁਲਵਿੰਦਰ ਸਿੰਘ, ਬਾਬਾ ਜੱਸਾ ਸਿੰਘ ਨਿਹੰਗ, ਭਾਈ ਰਜਿੰਦਰ ਸਿੰਘ ਫਤਹਿਗੜ੍ਹ ਛੰਨਾਂ ਅਤੇ ਸਰੂਪ ਸਿੰਘ ਸੰਧਾ ਨੇ ਚਿੰਤਾ ਪ੍ਰਗਟ ਕੀਤੀ ਹੈ |
ਭਾਈ ਖ਼ਾਲਸਾ ਦੀ ਹਾਲਤ 233ਵੇਂ ਦਿਨ ਹੋਈ ਨਾਜ਼ੁਕ ਜੇ ਟਾਵਰ 'ਤੇ ਸ਼ਹੀਦੀ ਹੋਈ ਤਾਂ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ-ਭਾਈ ਗੁਰਪ੍ਰੀਤ ਸਿੰਘ <br/>
ਅਜੀਤ ਡੈਸਕ
04-06-2025