ਅੰਮਿ੍ਤਸਰ, 3 ਜੂਨ (ਹਰਮਿੰਦਰ ਸਿੰਘ)-ਜੂਨ 1984 ਵਿਚ ਵਾਪਰੇ ਘੱਲੂਘਾਰੇ ਦੇ ਕਾਲੇ ਦੌਰ ਨੂੰ ਨਗਰ ਨਿਗਮ ਦੇ ਸਾਬਕਾ ਸੁਪਰਵਾਈਜ਼ਰ ਕੇਵਲ ਕੁਮਾਰ ਨੇ ਆਪਣੀ ਅੱਖੀਂ ਦੇਖਿਆ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਨਗਰ ਨਿਗਮ ਦੇ ਸਾਬਕਾ ਮੁਲਾਜ਼ਮ ਕੇਵਲ ਕੁਮਾਰ ਨੇ ਦੱਸਿਆ ਕਿ ਜੂਨ 1984 'ਚ ਭਾਰਤੀ ਫ਼ੌਜ ਦੇ ਹਮਲੇ ਤੋਂ ਬਾਅਦ ਜੋ ਹਾਲਾਤ ਪੈਦਾ ਹੋਏ ਉਸ ਨੂੰ ਯਾਦ ਕਰਦੇ ਹੋਏ ਅੱਜ ਵੀ ਉਨ੍ਹਾਂ ਦੀ ਅੱਖ ਨਮ ਹੋ ਜਾਂਦੀ ਹੈ ਅਤੇ ਲੂ ਕੰਢੇ ਖੜ੍ਹੇ ਜਾਂਦੇ ਹਨ, ਕਿਸ ਤਰ੍ਹਾਂ ਆਪਣਿਆਂ ਨੇ ਆਪਣਿਆਂ ਦਾ ਖ਼ੂਨ ਹੀ ਵਹਾਇਆ | ਕੇਵਲ ਕੁਮਾਰ ਨੇ ਦੱਸਿਆ ਕਿ 1 ਜੂਨ 1984 ਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਤੌਰ ਸੁਪਰਵਾਈਜ਼ਰ ਸੇਵਾ ਨਿਭਾ ਰਿਹਾ ਸੀ, ਕਿ ਉਸ ਦੌਰਾਨ ਉੱਥੇ ਤਾਇਨਾਤ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੇ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕ ਕੇ ਵਾਪਸ ਭੇਜ ਦਿੱਤਾ | ਜਦੋਂ ਉਹ ਘਰ ਵਾਪਸ ਆਏ ਤਾਂ ਪਿੱਛੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ | ਉਸ ਨੇ ਦੱਸਿਆ ਕਿ 6 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਹਮਲੇ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਹਟਾਉਣ ਲਈ ਨਿਗਮ 'ਚ ਤਾਇਨਾਤ ਸਿਹਤ ਅਫ਼ਸਰ ਉਸ ਨੂੰ ਘਰੋਂ ਉਠਾ ਕੇ ਲਿਆਇਆ | ਉਸ ਵੇਲੇ ਨਿਗਮ ਦੇ ਬਹੁਤ ਸਾਰੇ ਕਰਮਚਾਰੀ ਇਸ ਕੰਮ ਨੂੰ ਕਰਨ ਤੋਂ ਇਨਕਾਰ ਕਰ ਗਏ ਸਨ ਅਤੇ ਬਾਹਰੀ ਲੋਕਾਂ ਨੂੰ ਪੱਕੇ ਤੌਰ 'ਤੇ ਨੌਕਰੀ ਦੇਣ ਦਾ ਲਾਲਚ ਦੇ ਕੇ ਨਿਗਮ ਦੀਆਂ ਟਰਾਲੀਆਂ 'ਤੇ ਚਾੜਿ੍ਹਆ ਗਿਆ | ਕੇਵਲ ਕੁਮਾਰ ਨੇ ਦੱਸਿਆ ਕਿ ਜਿਸ ਵੇਲੇ ਉਹ ਲਾਸ਼ਾਂ ਹਟਾਉਣ ਲਈ ਪਹੁੰਚੇ ਤਾਂ ਚੁਫੇਰੇ ਖਿੱਲਰੀਆਂ ਪਈਆਂ, ਜੋ ਹਜ਼ਾਰਾਂ ਦੀ ਗਿਣਤੀ ਵਿਚ ਦਿਖਾਈ ਦੇ ਰਹੀਆਂ ਸਨ | ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਅਤੇ ਬਾਹਰੋਂ ਲਾਸ਼ਾਂ ਨੂੰ ਹਟਾਉਣ ਲਈ ਚਾਰ-ਪੰਜ ਟਰਾਲੀਆਂ ਲਗਾਈਆਂ ਗਈਆਂ ਸਨ | ਗਰਮੀ ਦੇ ਕਾਰਨ ਲਾਸ਼ਾਂ ਬੁਰੀ ਤਰ੍ਹਾਂ ਨਾਲ ਗੜ ਸੜ ਚੁੱਕੀਆਂ ਸਨ | ਉਨ੍ਹਾਂ ਨੂੰ ਚੁੱਕਣਾ ਬਹੁਤ ਔਖਾ ਸੀ | ਜਿਸ ਦੀ ਬਾਂਹ ਨੂੰ ਹੱਥ ਪਾਇਆ ਜਾਂਦਾ ਸੀ ਉਸ ਦੀ ਬਾਂਹ ਜਾਂ ਚਮੜੀ ਹੀ ਹੱਥ ਵਿਚ ਰਹਿ ਜਾਂਦੀ ਸੀ | ਲਾਸ਼ਾਂ ਚੁੱਕਣ ਤੋਂ ਪਹਿਲਾਂ ਹਰ ਰੋਜ਼ ਸਾਰੇ ਮੁਲਾਜ਼ਮਾਂ ਨੂੰ ਮੂੰਹ 'ਤੇ ਬੰਨ੍ਹਣ ਲਈ ਦੋ ਮੀਟਰ ਮਲਮਲ ਦਾ ਨਵਾਂ ਕੱਪੜਾ ਦਿੱਤਾ ਜਾਂਦਾ ਸੀ | ਲਾਸ਼ਾਂ ਦੀ ਹਾਲਤ ਬਹੁਤ ਮਾੜੀ ਹੋਣ ਕਰਕੇ ਮੁਲਾਜ਼ਮਾਂ ਨੂੰ ਲਾਸ਼ਾਂ ਚੁੱਕਣ ਤੋਂ ਪਹਿਲਾਂ ਸ਼ਰਾਬ ਪੀਣੀ ਪੈਂਦੀ ਸੀ | ਇਕ ਸਮੇਂ ਇਕ ਟਰਾਲੀ 'ਚ 7 ਤੋਂ 8 ਲਾਸ਼ਾਂ ਲੱਦ ਕੇ ਉਨ੍ਹਾਂ ਨੂੰ ਪੋਸਟਮਾਰਟਮ ਦੇ ਬਾਹਰ ਤੱਕ ਲੈ ਕੇ ਜਾਇਆ ਜਾਂਦਾ ਸੀ | ਜਿਨ੍ਹਾਂ ਵਿਚ ਔਰਤਾਂ ਅਤੇ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ | ਪੋਸਟਮਾਰਟਮ ਦੇ ਬਾਹਰ ਵੀ ਲਾਸ਼ਾਂ ਦਾ ਢੇਰ ਲੱਗ ਗਿਆ ਸੀ | ਜਿੱਥੋਂ ਲਾਸ਼ਾਂ ਚੁੱਕ ਕੇ ਸਸਕਾਰ ਕਰਨ ਲਈ ਉਨ੍ਹਾਂ ਗੁ: ਸ਼ਹੀਦ ਗੰਜ ਸਾਹਿਬ ਦੇ ਨੇੜੇ ਸ਼ਮਸ਼ਾਨਘਾਟ ਵਿਖੇ ਪਹੁੰਚਾਇਆ ਜਾਂਦਾ ਸੀ, ਜਿੱਥੇ ਕਈ ਕਈ ਲਾਸ਼ਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ | ਉਸ ਵੇਲੇ ਨਗਰ ਨਿਗਮ ਵਲੋਂ 1000 ਲਾਸ਼ਾਂ ਦੇ ਅੰਤਿਮ ਸਸਕਾਰ ਦੇ ਬਾਲਣ ਦੀ ਫ਼ੀਸ ਅਦਾ ਕੀਤੀ ਗਈ ਸੀ |
ਦਰਦਨਾਕ ਤੇ ਭਿਆਨਕ ਸੀ, ਜੂਨ 1984 ਸ੍ਰੀ ਦਰਬਾਰ ਸਾਹਿਬ ਹਮਲੇ ਦਾ ਮੰਜ਼ਰ ਯਾਦ ਆਉਂਦਿਆਂ ਅੱਖ ਨਮ ਹੋ ਜਾਂਦੀ ਹੈ ਅਤੇ ਖੜ੍ਹੇ ਹੋ ਜਾਂਦੇ ਹਨ ਲੂ ਕੰਢੇ <br/>
'ਅਜੀਤ' ਨਾਲ ਗੱਲਬਾਤ ਕਰਦੇ ਹੋਏ ਸਾਬਕਾ ਸੁਪਰਵਾਈਜ਼ਰ ਕੇਵਲ ਕੁਮਾਰ | ਤਸਵੀਰ : ਹਰਜੀਤ ਸਿੰਘ<br/>
04-06-2025