ਲੁਧਿਆਣਾ, 3 ਜੂਨ (ਭੁਪਿੰਦਰ ਸਿੰਘ ਬੈਂਸ)-ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਆਪਰੇਸ਼ਨ ਸਿੰਦੂਰ ਦੀ ਬੇਇੱਜ਼ਤੀ ਅਤੇ ਪਹਿਲਗਾਮ ਕਤਲੇਆਮ ਵਿਚ ਪਾਕਿਸਤਾਨ ਪ੍ਰੇਰਿਤ ਦਹਿਸ਼ਤਗਰਦਾਂ ਵਲੋਂ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਇੰਨਾ ਥੱਲੇ ਡਿੱਗ ਜਾਣਗੇ ਕਿ ਪਹਿਲਗਾਮ ਦੀਆਂ ਵਿਧਵਾਵਾਂ ਦਾ ਮਜ਼ਾਕ 'ਵਨ ਨੇਸ਼ਨ ਵਨ ਹਸਬੈਂਡ' ਵਰਗੇ ਘਟੀਆ ਸ਼ਬਦਾਂ ਨਾਲ ਉਡਾਉਣਗੇ | ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ 'ਤੇ ਫੌਜ ਦੀ ਬਹਾਦਰੀ ਨੂੰ ਰਾਜਨੀਤਿਕ ਰੰਗ ਦੇਣ ਅਤੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੀ ਅਣਦੇਖੀ ਕਰਨ ਦੇ ਦੋਸ਼ ਵੀ ਲਗਾਏ | ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਸ਼ਲਾਘਾਯੋਗ ਕਾਰਵਾਈ ਕੀਤੀ | ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਫੌਜ ਦੀ ਕਾਰਵਾਈ 'ਤੇ ਸਵਾਲ ਚੁੱਕਣ ਲਈ ਆਪ ਨਾਲ ਹੱਥ ਮਿਲਾਇਆ | ਉਨ੍ਹਾਂ ਕਿਹਾ ਕਿ ਵੜਿੰਗ ਨੇ ਫੌਜੀ ਕਾਰਵਾਈ ਦੀ ਸਫਲਤਾ ਦਾ ਸਬੂਤ ਮੰਗਿਆ ਅਤੇ ਕਿਹਾ ਕਿ ਫੌਜ ਨੂੰ ਪਾਕਿਸਤਾਨੀ ਜੈੱਟ ਦਾ ਮਲਵਾ ਦਿਖਾਉਣਾ ਚਾਹੀਦਾ ਹੈ, ਜੋ ਕਿ ਉਨ੍ਹਾਂ ਦੀ ਫੌਜ 'ਤੇ ਭਰੋਸੇ ਦੀ ਘਾਟ ਨੂੰ ਦਰਸਾਉਂਦਾ ਹੈ ਅਤੇ ਦੇਸ਼ ਦੀ ਬੇਇੱਜ਼ਤੀ ਹੈ |
ਬਿੱਟੂ ਨੇ ਭਗਵੰਤ ਮਾਨ ਅਤੇ ਰਾਜਾ ਵੜਿੰਗ 'ਤੇ ਸ਼ਹੀਦਾਂ ਦੀਆਂ ਵਿਧਵਾਵਾਂ ਦੇ ਅਪਮਾਨ ਕਰਨ ਦਾ ਲਗਾਇਆ ਦੋਸ਼ <br/>
ਅਜੀਤ ਡੈਸਕ
04-06-2025