ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਘਰ ਦੀ ਗਰੀਬੀ ਦੂਰ ਕਰਨ ਲਈ ਡੌਂਕੀ ਲਗਾ ਕੇ ਆਸਟ੍ਰੇਲੀਆ ਗਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਨੌਜਵਾਨ ਸਮੇਤ 3 ਨੌਜਵਾਨਾਂ ਨੂੰ ਈਰਾਨ 'ਚ ਡੌਂਕਰਾਂ ਵਲੋਂ ਅਗਵਾ ਕਰਨ ਵਾਲਿਆਂ ਤੋਂ ਉੱਥੋਂ ਦੀ ਪੁਲਿਸ ਨੇ ਬਚਾ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਭਾਗੋਵਾਲ ਦੇ ਨੌਜਵਾਨ ਅੰਮਿ੍ਤਪਾਲ ਸਿੰਘ (23) ਦੀ ਮਾਤਾ ਗੁਰਦੀਪ ਕੌਰ ਨੇ ਦੱਸਿਆ ਕਿ ਕਰੀਬ 40 ਦਿਨ ਪਹਿਲਾਂ ਅੰਮਿ੍ਤਪਾਲ ਸਿੰਘ, ਨਵਾਂਸ਼ਹਿਰ ਦੇ ਜਸਪਾਲ ਸਿੰਘ ਤੇ ਧੂਰੀ ਦੇ ਹੁਸਨਪ੍ਰੀਤ ਸਿੰਘ ਸਮੇਤ ਆਸਟ੍ਰੇਲੀਆ ਲਈ ਰਵਾਨਾ ਹੋਇਆ, ਪ੍ਰੰਤੂ ਇਰਾਨ ਪਹੁੰਚਣ 'ਤੇ ਡੌਂਕਰਾਂ ਨੇ ਇਨ੍ਹਾਂ ਤਿੰਨਾਂ ਨੂੰ ਅਗਵਾ ਕਰ ਲਿਆ ਅਤੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ, ਪ੍ਰੰਤੂ 54 ਲੱਖ ਰੁਪਏ ਦੇਣੇ ਤੈਅ ਹੋਏ ਸਨ | ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਉਨ੍ਹਾਂ ਕਰਜ਼ਾ ਚੁੱਕ ਕੇ ਅੰਮਿ੍ਤਪਾਲ ਸਿੰਘ ਨੂੰ ਵਿਦੇਸ਼ ਭੇਜਿਆ ਸੀ ਅਤੇ ਫਿਰੌਤੀ ਦੀ ਰਕਮ ਦੇਣ ਦੀ ਉਨ੍ਹਾਂ ਦੀ ਹੈਸੀਅਤ ਨਹੀਂ ਸੀ | ਪਰਿਵਾਰ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ, ਜਿਸ ਦੇ ਚੱਲਦਿਆਂ ਈਰਾਨ ਪੁਲਿਸ ਨੂੰ ਨੌਜਵਾਨਾਂ ਦੇ ਅਗਵਾ ਹੋਣ ਦੀ ਸ਼ਿਕਾਇਤ ਕੀਤੀ ਗਈ | ਪਰਿਵਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਤਿੰਨਾਂ ਨੌਜਵਾਨਾਂ ਨੂੰ ਬਚਾ ਲਿਆ ਗਿਆ ਹੈ ਤਾਂ ਘਰ 'ਚ ਖੁਸ਼ੀ ਲਹਿਰ ਦੌੜ ਗਈ | ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਸਿੰਘ ਦਾ ਫ਼ੋਨ ਆਇਆ ਸੀ ਕਿ ਉਹ ਆਪਣੇ ਦੋਨਾਂ ਸਾਥੀਆਂ ਸਮੇਤ ਅਗਵਾਕਾਰਾਂ ਦੇ ਚੁੰਗਲ 'ਚੋਂ ਛੁਟ ਚੁੱਕਾ ਹੈ, ਪ੍ਰੰਤੂ ਉਨ੍ਹਾਂ ਕੋਲ ਖਰਚੇ ਲਈ ਪੈਸੇ ਨਹੀਂ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅੰਮਿ੍ਤਪਾਲ ਸਿੰਘ ਦਾ ਕੋਈ ਫ਼ੋਨ ਨਹੀਂ ਆਇਆ, ਪ੍ਰੰਤੂ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਕਿ ਤਿੰਨਾਂ ਨੌਜਵਾਨਾਂ ਨੂੰ ਬਚਾ ਲਿਆ ਗਿਆ ਹੈ, ਜੋ ਜਲਦ ਘਰ ਵਾਪਸ ਪਹੁੰਚ ਜਾਣਗੇ | ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਨੂੰ ਬਚਾਏ ਜਾਣ 'ਤੇ ਕੇਂਦਰ ਸਰਕਾਰ ਅਤੇ ਇਰਾਨ ਦੀ ਪੁਲਿਸ ਦਾ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਥਾਣਾ ਮਾਡਲ ਟਾਊਨ ਪੁਲਿਸ ਵਲੋਂ ਉਕਤ ਤਿੰਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਹੁਸ਼ਿਆਰਪੁਰ ਦੇ ਟਰੈਵਲ ਏਜੰਟਾਂ ਧੀਰਜ ਅਟਵਾਲ, ਕਮਲ ਅਟਵਾਲ ਅਤੇ ਇਕ ਲੜਕੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ |
ਅਗਵਾ ਕੀਤੇ 3 ਨੌਜਵਾਨਾਂ ਨੂੰ ਈਰਾਨ ਪੁਲਿਸ ਵਲੋਂ ਛੁਡਾ ਲੈਣ 'ਤੇ ਮਾਪਿਆਂ ਨੇ ਲਿਆ ਸੁੱਖ ਦਾ ਸਾਹ <br/>
ਅਜੀਤ ਡੈਸਕ
05-06-2025