ਬਠਿੰਡਾ, 4 ਜੂਨ (ਵੀਰਪਾਲ ਸਿੰਘ)-ਜੂਨ ਮਹੀਨੇ ਦੇ ਪਲੇਠੇ ਮੀਂਹ ਨੇ ਗਰਮੀ ਨਾਲ ਬੇਹਾਲ ਹੋ ਰਹੇ ਸੂਬੇ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ | ਗਰਮੀ ਤੋਂ ਰਾਹਤ ਮਿਲਣ ਨਾਲ ਲੋਕਾਂ ਦੀ ਜੂਨ ਸੁਧਰੀ ਬੀਤੇ ਦੇਰ ਸ਼ਾਮ ਮਾਲਵੇ ਖੇਤਰ ਵਿਚ ਚੱਲੀਆਂ ਤੇਜ਼ ਹਵਾਵਾਂ ਤੇ ਹਲਕੀ ਤੇ ਦਰਮਿਆਨੇ ਮੀਂਹ ਪੈਣ ਦੀ ਖ਼ਬਰ ਹੈ | ਮਈ ਮਹੀਨੇ ਦੇ ਅਖੀਰਲੇ ਹਫ਼ਤੇ ਤੋਂ ਲਗਾਤਾਰ ਵਧੇ ਪਾਰੇ ਨਾਲ ਜੂਨ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿਚ ਪਾਰਾ 40 ਡਿਗਰੀ ਸੈਲਸੀਅਸ ਦਾ ਅੰਕੜੇ ਦੇ ਨੇੜੇ ਪੁੱਜ ਗਿਆ | ਮਾਲਵੇ ਦੇ ਕਈ ਜ਼ਿਲਿ੍ਹਆਂ ਬਠਿੰਡਾ, ਫ਼ਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ ਵਿਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ 38 ਡਿਗਰੀ ਸੈਲਸੀਅਸ ਚੱਲ ਰਿਹਾ ਸੀ | ਬੀਤੀ ਸ਼ਾਮ ਮਾਲਵੇ ਵਿਚ ਪਏ ਮੀਂਹ ਨਾਲ ਪਾਰਾ ਨੀਵੇਂ ਪੱਧਰ 28 ਡਿਗਰੀ ਤੱਕ ਪੁੱਜ ਗਿਆ, ਜਿਸ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਦੂਸਰੇ ਪਾਸੇ ਝੋਨਾ ਲਗਾਉਣ ਲਈ ਪਾਣੀ ਦੀ ਤੰਗੀ ਨਾਲ ਜੂਝ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਗਈ ਹੈ | ਜੂਨ ਮਹੀਨੇ ਦੇ ਪਲੇਠੇ ਮੀਂਹ ਨਾਲ ਕਿਸਾਨਾਂ ਨੂੰ ਆਪਣੀ ਖੇਤਾਂ ਵਿਚ ਪਾਣੀ ਭਰਨ ਵਿਚ ਰਾਹਤ ਮਿਲੇਗੀ, ਜਿਸ ਨਾਲ ਸੂਬੇ ਵਿਚ ਝੋਨਾ ਲਗਾਉਣ ਦੀ ਰਫ਼ਤਾਰ ਦੇ ਤੇਜ ਹੋਣ ਦੀ ਸੰਭਾਵਨਾ ਵਧ ਗਈ ਹੈ | ਦੂਸਰੇ ਪਾਸੇ ਸਾਉਣੀ ਦੀ ਫ਼ਸਲਾਂ ਮੂੰਗੀ, ਮੱਕੀ, ਸਬਜ਼ੀਆਂ, ਹਰੇ-ਚਾਰੇ ਅਤੇ ਬਾਗ਼ਬਾਨੀ ਉਤਪਾਦਕ ਕਿਸਾਨਾਂ ਲਈ ਮੀਂਹ ਪੈਣਾ ਸ਼ੁੱਭ ਸੰਕੇਤ ਹੈ |
ਜੂਨ ਮਹੀਨੇ 'ਚ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ ਪਾਰਾ 30 ਡਿਗਰੀ ਤੋਂ ਹੇਠਾਂ ਆਉਣ ਨਾਲ ਗਰਮੀ ਨਾਲ ਬੇਹਾਲ ਲੋਕ, ਪਸ਼ੂ ਪੰਛੀਆਂ ਦੀ ਸੁਧਰੀ ਜੂਨ <br/>
ਅਜੀਤ ਡੈਸਕ
05-06-2025