ਮਹਿਜ 15 ਸਾਲ ਦੀ ਉਮਰ ਵਿਚ ਵੇਖਿਆ ਸਾਰਾ ਮੰਜ਼ਰ
<br/>
ਬਾਬਾ ਬਕਾਲਾ ਸਾਹਿਬ (ਅੰਮਿ੍ਤਸਰ), 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਜੂਨ 1984 ਵਿਚ ਵਾਪਰੇ ਘੱਲੂਘਾਰੇ ਨੂੰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਜੋ ਅੱਜ ਕੱਲ੍ਹ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਮੈਨੇਜਰ ਸੇਵਾਵਾਂ ਨਿਭਾ ਰਹੇ ਹਨ, ਇਸ ਸਾਕੇ ਦੇ ਚਸ਼ਮਦੀਦ ਗਵਾਹ ਹਨ, ਜਿਨ੍ਹਾਂ ਨੇ ਮਹਿਜ 15 ਸਾਲ ਦੀ ਉਮਰ ਵਿਚ ਹੀ ਉਕਤ ਸਾਰਾ ਦੁਖਾਂਤ ਆਪਣੀ ਅੱਖੀਂ ਦੇਖਿਆ ਹੈ | ਇਸ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਭਾਈ ਗੁਰਪ੍ਰੀਤ ਸਿੰਘ ਨੇੇ ਦੱਸਿਆ ਕਿ ਅੱਜ ਵੀ ਉਕਤ ਦਰਨਦਨਾਕ ਸੀਨ ਯਾਦ ਕਰਕੇ ਅੱਖਾਂ ਵਿਚੋਂ ਆਪ ਮੁਹਾਰੇ ਨੀਰ ਵਹਿ ਤੁਰਦੇ ਹਨ | ਭਾਈ ਮੱਲੇਵਾਲ ਨੇ ਹੱਡਬੀਤੀ ਬਿਆਨਦਿਆਂ ਦੱਸਿਆ ਕਿ 3 ਜੂਨ 1984 ਨੂੰ ਸਵੇਰੇ 9 ਵਜੇ ਦੇ ਕਰੀਬ ਧੂਰੀ ਤੋਂ ਧਰਮ ਯੁੱਧ ਮੋਰਚੇ ਵਿਚ ਗਿ੍ਫ਼ਤਾਰੀ ਦੇਣ ਲਈ ਇਕ ਜੱਥਾ ਜਥੇ: ਨਛੱਤਰ ਸਿੰਘ ਭਲਵਾਨ, ਜਥੇ: ਮਹਿੰਦਰ ਸਿੰਘ ਕਾਂਝਲੀ ਦੀ ਰਹਿਨੁਮਾਈ ਹੇਠ ਰਵਾਨਾ ਹੋਇਆ | ਮੈਂ ਉਸ ਜਥੇ ਵਿਚ ਸਭ ਤੋਂ ਛੋਟੀ ਉਮਰ (15 ਸਾਲ ਦੇ ਕਰੀਬ) ਦਾ ਸੀ, ਤਕਰੀਬਨ 3-4 ਵਜੇ ਸ਼ਾਮ ਤੀਕ ਜਥਾ ਅੰਮਿ੍ਤਸਰ ਵਿਖੇ ਪਹੁੰਚ ਗਿਆ | ਉਥੇ ਕਰਫਿਊ ਲੱਗਣ ਕਾਰਨ ਅਸੀਂ ਹਾਲ ਗੇਟ ਦੇ ਬਾਹਰ ਬੈਠੇ ਰਹੇ ਅਤੇ ਸ਼ਾਮ ਨੂੰ ਕਰਫਿਊ ਖੁੱਲਣ ਤੋਂ ਬਾਅਦ ਅਸੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਗੁਰੂ ਰਾਮਦਾਸ ਸਰਾਂ ਵਿਖੇ ਠਹਿਰੇ, 4 ਜੂਨ ਦੀ ਸਵੇਰ ਨੂੰ ਇਕ ਵੱਡਾ ਧਮਾਕਾ ਹੋਇਆ, ਬੱਸ ਫਿਰ ਕੀ ਸੀ ਗੋਲੀਬਾਰੀ ਸ਼ੁਰੂ ਹੋਈ, ਲਗਾਤਾਰ ਗੋਲੀ ਚੱਲਦੀ ਰਹੀ, 5 ਜੂਨ ਨੂੰ ਸਾਨੂੰ ਸਾਰੇ ਜਥੇ ਨੂੰ ਗੁਰੂ ਰਾਮਦਾਸ ਸਰਾਂ ਤੋਂ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਭੇਜ ਦਿੱਤਾ ਗਿਆ | 6 ਜੂਨ ਦੀ ਸਵੇਰ ਤਕਰੀਬਨ 4 ਕੁ ਵਜੇ ਮਿਲਟਰੀ ਵਾਲਿਆਂ ਨੇ ਸਮੁੰਦਰੀ ਹਾਲ ਵਿਚ ਵੜ ਕੇ ਗੁਰੂ ਰਾਮਦਾਸ ਦੇ ਵਿਚਲੇ ਵਿਹੜੇ ਵਿਚ ਲਿਆਂਦਾ, ਜਿੱਥੇ ਕਿ ਲਾਸ਼ਾਂ ਦੇ ਢੇਰ ਲੱਗੇ ਪਏ ਸਨ, ਵੇਖ ਕੇ ਦਿਲ ਦਹਿਲ ਗਿਆ | ਸਰਾਂ ਦੇ ਕਮਰਿਆਂ ਦੇ ਚਾਰੇ ਪਾਸੇ ਅੱਗ ਲੱਗੀ ਪਈ ਸੀ | ਸਾਨੂੰ ਵੀ ਸਰਾਂ ਵਿਚਲੀ ਜਗ੍ਹਾ 'ਤੇ ਬਿਠਾ ਕੇ ਉਪਰੋਂ ਬੰਬ ਸੁਟੇ ਗਏ | ਸਾਡੇ ਤਕਰੀਬਨ 70-80 ਬੰਦਿਆਂ ਵਿਚੋਂ ਅੱਧੇ ਮਾਰੇ ਗਏ, ਸਾਰਾ ਵਿਹੜਾ ਲਾਸ਼ਾਂ ਨਾਲ ਭਰਿਆ ਪਇਆ ਸੀ, ਉਸ ਦਿਨ ਸਵੇਰੇ ਥੋੜਾ ਜਿਹਾ ਮੀਂਹ ਪੈਣ ਕਾਰਨ ਜੋ ਪਾਣੀ ਵਿਹੜੇ ਵਿਚ ਖੜਾ ਸੀ, ਜਿਸ ਵਿਚ ਲਾਸ਼ਾਂ ਦੇ ਢੇਰ ਪਏ ਸਨ, ਉਸ ਪਾਣੀ ਦਾ ਰੰਗ ਬਦਲ ਕੇ ਲਾਲ ਹੋ ਚੁੱਕਾ ਸੀ, ਉਹੀ ਪਾਣੀ (ਆਪਣੀਆਂ ਦਸਤਾਰਾਂ ਨਾਲ ਪੁਣ ਕੇ) ਪੀ ਕੇ ਅਸੀਂ ਪਿਆਸ ਬੁਝਾਈ | ਫਿਰ ਸਾਨੂੰ ਤਕਰੀਬਨ 3-4 ਕੁ ਵਜੇ ਗਿਣਤੀ ਕਰ-ਕਰ ਕੇ ਸਰਾਂ ਦੇ ਪਿਛਲੇ ਪਾਸੇ ਕੱਢ ਲਿਆ ਗਿਆ | ਉਥੇ ਬੱਸਾਂ ਵਿਚ ਬਿਠਾ ਕੇ ਮਿਲਟਰੀ ਸਕੂਲ ਵਿਚ ਭੇਜ ਦਿੱਤਾ | ਜਦੋਂ ਸਾਨੂੰ ਬੱਸਾਂ ਵਿਚ ਫੜ ਕੇ ਲਿਜਾਇਆ ਜਾ ਰਿਹਾ ਸੀ ਤਾਂ ਬੱਸਾਂ ਵਿਚ ਵੀ ਬੜੀ ਕੁੱਟਮਾਰ ਕੀਤੀ ਗਈ | ਜੇ ਕੋਈ ਪਾਣੀ ਵੀ ਮੰਗਦਾ ਸੀ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਅਤੇ ਸੰਤ ਭਿੰਡਰਾਵਾਲਿਆਂ ਦਾ ਨਾਮ ਲੈ ਕੇ ਗਾਲੀ ਗਲੋਚ ਕੀਤੀ ਜਾਂਦੀ ਸੀ | ਫਿਰ ਮੈਨੂੰ ਮਿਲਟਰੀ ਸਕੂਲ ਅੰਮਿ੍ਤਸਰ ਜੇਲ੍ਹ ਅਤੇ ਪਟਿਆਲੇ ਦੀ ਜੇਲ੍ਹ ਵਿਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ |