ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਘੱਲੂਘਾਰਾ ਸਮਾਗਮ ਮੌਕੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਉਠ ਰਹੀਆਂ ਵਿਰੋਧ ਦੀਆਂ ਸੁਰਾਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਮੈਨੂੰ 200 ਫ਼ੀਸਦੀ ਯਕੀਨ ਹੈ ਕਿ ਘੱਲੂੁਘਾਰਾ ਸਮਾਗਮ ਮੌਕੇ ਜਿੰਨੀ ਸ਼ਾਂਤੀ ਇਸ ਵਾਰੀ ਹੋਵੇਗੀ, ਉਨੀ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਈ ਹੋਵੇਗੀ | ਅੱਜ ਇਥੇ ਸ਼ਾਮ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂੁ ਸਾਰੇ ਆਪਸ ਵਿਚ ਗੁਰਭਾਈ ਹਨ ਤੇ ਗੁਰਭਾਈਆਂ ਵਿਚ ਕਦੇ ਵੀ ਕੋਈ ਵਖਰੇਵੇਂ ਨਹੀਂ ਹੁੰਦੇ ਤੇ ਨਾ ਹੀ ਹੋਣਗੇ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਘੱਲੂਘਾਰਾ ਦਿਵਸ ਸਿੱਖ ਜਥੇਬੰਦੀਆਂ ਮਿਲ ਜੁਲ ਕੇ ਮਨਾਉਂਦੀਆਂ ਆਈਆਂ ਹਨ ਤੇ ਇਸ ਵਾਰ ਵੀ ਸ਼ਰਧਾ ਸਤਿਕਾਰ ਸਹਿਤ ਮਿਲ ਕੇ ਤੇ ਅਮਨ ਸ਼ਾਂਤੀ ਨਾਲ ਮਨਾਉਣਗੀਆਂ |
ਘੱਲੂਘਾਰਾ ਸਮਾਗਮ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤਮਈ ਹੋਵੇਗਾ-ਜਥੇਦਾਰ ਗੜਗੱਜ <br/>
ਅਜੀਤ ਡੈਸਕ
05-06-2025