ਤਹਿਰਾਨ, 4 ਜੂਨ (ਪੀ.ਟੀ.ਆਈ.)-ਭਾਰਤ ਨੇ ਪਿਛਲੇ ਮਹੀਨੇ ਈਰਾਨ 'ਚ ਲਾਪਤਾ ਹੋਏ ਆਪਣੇ 3 ਨਾਗਰਿਕਾਂ ਨੂੰ ਸੁਰੱਖਿਅਤ ਛਡਾਉਣ ਲਈ ਮਿੱਤਰ ਦੇਸ਼ ਦਾ ਧੰਨਵਾਦ ਕੀਤਾ | ਭਾਰਤ ਨੇ ਕਿਹਾ ਕਿ ਤਹਿਰਾਨ ਦਾ ਸਮਰਥਨ ਦੋਵਾਂ ਦੇਸ਼ਾਂ ਵਿਚਕਾਰ 'ਦੋਸਤੀ ਦੀ ਸੱਚੀ ਭਾਵਨਾ' ਨੂੰ ਦਰਸਾਉਂਦਾ ਹੈ | ਈਰਾਨ 'ਚ ਭਾਰਤ ਦੇ ਦੂਤਾਵਾਸ ਨੇ 'ਐਕਸ' 'ਤੇ ਪੋਸਟ ਕੀਤਾ ਕਿ ਅਗਵਾ ਕੀਤੇ ਗਏ 3 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਛੁਡਾਇਆ ਗਿਆ ਹੈ ਤੇ ਉਹ ਹੁਣ ਭਾਰਤ ਦੇ ਦੂਤਾਵਾਸ ਦੀ ਦੇਖਭਾਲ 'ਚ ਹਨ, ਜੋ ਉਨ੍ਹਾਂ ਦੀ ਜਲਦੀ ਵਾਪਸੀ ਦੀ ਸਹੂਲਤ ਦੇ ਰਿਹਾ ਹੈ | ਦੂਤਾਵਾਸ ਨੇ ਲਿਖਿਆ ਕਿ ਅਸੀਂ ਭਾਰਤੀ ਨਾਗਰੀਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਈਰਾਨ ਸਰਕਾਰ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਯਤਨਾਂ ਲਈ ਦਿਲੋਂ ਧੰਨਵਾਦ ਕਰਦੇ ਹਾਂ |