ਗੁਰਸ਼ਰਨ ਸਿੰਘ ਰੰਧਾਵਾ ਨੇ 2 ਸਾਲਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਚਾਰਟ (ਥਾਲ)
<br/>
ਜਲੰਧਰ, 4 ਜੂਨ (ਜਸਪਾਲ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਮੁੱਢਲੀ ਜਾਣਕਾਰੀ ਹਾਸਿਲ ਕਰਨ ਲਈ ਹੁਣ ਸੰਗਤ ਨੂੰ 'ਗੂਗਲ' ਦੀ ਸਹਾਇਤਾ ਲੈਣ ਦੀ ਲੋੜ ਨਹੀਂ ਹੈ ਤੇ ਇਸ ਸੰਬੰਧੀ ਸਾਰੀ ਜਾਣਕਾਰੀ ਉਨ੍ਹਾਂ ਨੂੰ ਇਕ 'ਫਰੇਮ' 'ਚ ਹੀ ਮਿਲ ਜਾਵੇਗੀ | ਇਹ ਇਕ ਅਜਿਹਾ 'ਫਰੇਮ' (ਚਾਰਟ) ਹੈ, ਜਿਸ ਵਿਚ ਸੰਖੇਪ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ | ਇਹ ਚਾਰਟ ਜਲੰਧਰ ਨੇੜਲੇ ਪਿੰਡ ਰੰਧਾਵਾ ਮਸੰਦਾਂ ਦੇ ਰਹਿਣ ਵਾਲੇ ਇਕ ਸੇਵਾ ਮੁਕਤ ਵਿਗਿਆਨੀ ਗੁਰਸ਼ਰਨ ਸਿੰਘ ਰੰਧਾਵਾ ਵਲੋਂ 2 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਾਗਜ਼ 'ਤੇ ਹੱਥੀਂ ਤਿਆਰ ਕੀਤਾ ਗਿਆ ਹੈ | ਹਾਲਾਂਕਿ ਹੁਣ ਇਸ ਚਾਰਟ ਨੂੰ ਡਿਜ਼ੀਟਲ ਦੇ ਰੂਪ 'ਚ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਪਰ ਪਹਿਲਾਂ-ਪਹਿਲ ਗੁਰਸ਼ਰਨ ਸਿੰਘ ਰੰਧਾਵਾ ਇਸ ਨੂੰ ਹੱਥੀਂ ਤਿਆਰ ਕਰਕੇ ਵੱਖ-ਵੱਖ ਗੁਰੂ ਘਰਾਂ ਤੇ ਹੋਰਨਾਂ ਧਾਰਮਿਕ ਅਸਥਾਨਾਂ 'ਤੇ ਲਗਾਉਂਦੇ ਰਹੇ ਹਨ | ਇਹ ਚਾਰਟ ਇਸ ਸਮੇਂ ਵੱਖ-ਵੱਖ ਗੁਰੂ ਘਰਾਂ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ 'ਚ ਵੀ ਲਗਾਇਆ ਜਾ ਚੁੱਕਾ ਹੈ | ਇਸ ਚਾਰਟ ਜਾਂ ਫਰੇਮ ਦਾ ਨਾਂ ਉਨ੍ਹਾਂ 'ਸੱਚ, ਸਬਰ ਤੇ ਵਿਚਾਰ' ਦਾ ਥਾਲ ਰੱਖਿਆ ਹੈ ਤੇ ਇਸ ਵਿਚ ਵੱਖ-ਵੱਖ ਰਚਨਾਕਾਰਾਂ ਦੀ ਬਾਣੀ ਬਾਰੇ ਜਾਣਕਾਰੀ ਦਿੱਤੀ ਗਈ ਹੈ | ਇਸ ਚਾਰਟ ਵਿਚ ਉਨ੍ਹਾਂ ਨੇ ਰੰਗਾਂ ਨੂੰ ਵੀ ਬਹੁਤ ਹੀ ਖੂਬਸੂਰਤ ਢੰਗ ਨਾਲ ਵਰਤਿਆ ਹੈ ਤੇ ਵੱਖ-ਵੱਖ ਗੁਰੂ ਸਾਹਿਬਾਨ ਦੀ ਬਾਣੀ ਨੂੰ ਅੱਡ-ਅੱਡ ਕਰਨ ਲਈ ਇਨ੍ਹਾਂ ਰੰਗਾਂ ਦੀ ਵਰਤੋਂ ਕੀਤੀ ਗਈ ਹੈ | ਗੁਰਸ਼ਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਚਾਰਟ 'ਤੇ ਇਕ ਨਜ਼ਰ ਮਾਰਦਿਆਂ ਹੀ ਸੰਗਤਾਂ ਨੂੰ ਬਾਣੀ ਬਾਰੇ ਮੁੱਢਲੀ ਜਾਣਕਾਰੀ ਮਿਲ ਜਾਂਦੀ ਹੈ ਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿੰਨੇ ਹਨ ਤੇ ਇਸ ਵਿਚ ਕਿਹੜੇ-ਕਿਹੜੇ ਗੁਰੂ ਸਾਹਿਬਾਨ, ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ ਤੇ ਇਹ ਕਿਹੜੇ-ਕਿਹੜੇ ਅੰਗ 'ਤੇ ਸ਼ੁਸ਼ੋਭਿਤ ਹੈ | ਉਨ੍ਹਾਂ ਕਿਹਾ ਕਿ ਇਸ ਚਾਰਟ ਨੂੰ ਗੁਰੂ ਘਰਾਂ ਤੋਂ ਇਲਾਵਾ ਲੋਕਾਂ ਨੂੰ ਆਪੋ-ਆਪਣੇ ਘਰਾਂ 'ਚ ਵੀ ਲਗਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਬਾਰੇ ਘੱਟੋ-ਘੱਟ ਮੁੱਢਲੀ ਜਾਣਕਾਰੀ ਤਾਂ ਹਾਸਿਲ ਕਰ ਸਕਣ | ਉਨ੍ਹਾਂ ਕਿਹਾ ਕਿ ਜਲਦ ਹੀ ਉਹ ਇਸ ਚਾਰਟ ਨੂੰ ਵਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਕ ਵੈੱਬਸਾਈਟ ਬਣਾ ਰਹੇ ਹਨ, ਜਿਸ ਤੋਂ ਇਸ ਨੂੰ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕੇਗਾ | ਇਸ ਚਾਰਟ ਨੂੰ ਤਿਆਰ ਕਰਨ ਪਿੱਛੇ ਕੀਤੀ ਗਈ ਮਿਹਨਤ ਬਾਰੇ ਜਾਣਕਾਰੀ ਦਿੰਦੇ ਹੋਏ ਪੇਸ਼ੇ ਤੋਂ ਇਕ ਸਿੱਖਿਆ ਸ਼ਾਸ਼ਤਰੀ ਤੇ ਉੱਘੇ ਵਿਗਿਆਨੀ ਗੁਰਸ਼ਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਚਾਰਟ (ਥਾਲ) ਨੂੰ ਉਨ੍ਹਾਂ ਨੇ ਕੋਰੋਨਾ ਕਾਲ 'ਚ ਉਸ ਸਮੇਂ ਤਿਆਰ ਕਰਨਾ ਸ਼ੁਰੂ ਕੀਤਾ, ਜਦੋਂ ਉਹ ਖੁਦ ਕੋਰਨਾ ਦਾ ਸ਼ਿਕਾਰ ਹੋ ਕੇ ਬੀਮਾਰ ਹੋ ਗਏ ਸਨ | ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਹਾਸਿਲ ਕਰਨੀ ਸ਼ੁਰੂ ਕੀਤੀ ਤੇ ਉਨ੍ਹਾਂ ਨੂੰ ਇਸ ਕੰਮ 'ਚ ਤਕਰੀਬਨ ਡੇਢ ਸਾਲ ਦਾ ਸਮਾਂ ਲੱਗਾ ਤੇ ਫਿਰ ਉਨ੍ਹਾਂ ਨੇ ਇਸ ਚਾਰਟ ਨੂੰ ਹੱਥ ਨਾਲ ਤਿਆਰ ਕੀਤਾ | ਆਈ. ਆਈ. ਟੀ. ਰੁੜਕੀ ਵਿਖੇ ਬਾਇਓਟੈਕਨਾਲੋਜੀ ਦੇ ਸਾਬਕਾ ਪ੍ਰੋਫੈਸਰ ਤੇ ਵਿਭਾਗ ਮੁਖੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਰਹੇ ਸ. ਗੁਰਸ਼ਰਨ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਸੰਗਤਾਂ ਗੁਰਬਾਣੀ ਦਾ ਜਾਪ ਤਾਂ ਕਰਦੀਆਂ ਹਨ ਪਰ ਕਈਆਂ ਨੂੰ ਇਸ ਬਾਰੇ ਮੁੱਢਲੀ ਜਾਣਕਾਰੀ ਨਹੀਂ ਹੁੰਦੀ ਤੇ ਉਨ੍ਹਾਂ ਨੇ ਬੱਚਿਆਂ ਨੂੰ ਇਕੋ ਨਜ਼ਰ 'ਚ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਹ ਚਾਰਟ ਤਿਆਰ ਕੀਤਾ ਹੈ |