ਐੱਸ. ਏ. ਐੱਸ. ਨਗਰ, 2 ਸਤੰਬਰ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲੇ ਨੂੰ ਮੁਹਾਲੀ ਅਦਾਲਤ ਵਲੋਂ 6 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵਲੋਂ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਬਿਕਰਮ ਸਿੰਘ ਮਜੀਠੀਆ ਨੂੰ ਗਿ੍ਫ਼ਤਾਰ ਕੀਤਾ ਸੀ | ਅਦਾਲਤ ਨੇ ਮਜੀਠੀਆ ਦਾ ਪੁਲਿਸ ਰਿਮਾਂਡ ਸਮਾਪਤ ਹੋਣ ਉਪਰੰਤ ਉਸ ਨੂੰ 6 ਜੁਲਾਈ ਨੂੰ ਨਿਆਂਇਕ ਹਿਰਾਸਤ ਤਹਿਤ ਨਵੀਂ ਨਾਭਾ ਜ਼ਿਲ੍ਹਾ ਜੇਲ੍ਹ ਵਿਖੇ ਭੇਜਿਆ ਸੀ | ਇਸ ਤੋਂ ਬਾਅਦ ਮਜੀਠੀਆ ਦੇ ਵਕੀਲਾਂ ਨੇ ਮੁਹਾਲੀ ਅਦਾਲਤ ਵਿਖੇ ਬੈਰਕ ਬਦਲੀ ਸੰਬੰਧੀ ਅਰਜ਼ੀ ਦਾਇਰ ਕਰਦਿਆਂ ਦਲੀਲ ਦਿੱਤੀ ਸੀ ਕਿ ਮਜੀਠੀਆ ਵਿਧਾਇਕ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ, ਲਿਹਾਜ਼ਾ ਉਹ ਪੰਜਾਬ ਜੇਲ੍ਹ ਮੈਨੁਅਲ ਅਨੁਸਾਰ ਸੰਤਰੀ ਸ਼੍ਰੇਣੀ ਅਧੀਨ ਆਉਂਦੇ ਹਨ ਅਤੇ ਇਸ ਕਰਕੇ ਕਿਸੇ ਵੀ ਕੈਦੀ ਜਾਂ ਹਵਾਲਾਤੀ ਨੂੰ ਮਜੀਠੀਆ ਦੇ ਨਾਲ ਬੈਰਕ 'ਚ ਨਾ ਰੱਖਿਆ ਜਾਵੇ | ਇਸ ਅਰਜ਼ੀ 'ਤੇ ਸੁਣਵਾਈ ਦੌਰਾਨ ਪੰਜਾਬ ਦੇ ਏ. ਡੀ. ਜੀ. ਪੀ. ਜੇਲ੍ਹਾਂ ਵਲੋਂ ਇਕ ਸੀਲਬੰਦ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਗਈ ਸੀ, ਜੋ ਕਿ ਇਸਤਗਾਸਾ ਪੱਖ ਦੀ ਦਰਖ਼ਾਸਤ 'ਤੇ ਅਦਾਲਤ 'ਚ ਖੁਫ਼ੀਆ ਰੱਖੀ ਗਈ ਹੈ | ਇਸ ਮਾਮਲੇ ਵਿਚ ਨਾਭਾ ਜੇਲ੍ਹ ਦੇ ਸੁਪਰਡੈਂਟ ਵਲੋਂ ਮੰਗਲਵਾਰ ਨੂੰ ਅਦਾਲਤ ਵਿਖੇ ਮੌਜੂਦਾ ਰਿਪੋਰਟ ਦਾਇਰ ਕਰਵਾਈ ਜਾਣੀ ਸੀ, ਪ੍ਰੰਤੂ ਰਿਪੋਰਟ ਨਾ ਆਉਣ ਕਰਕੇ ਅਦਾਲਤ ਨੇ ਉਕਤ ਮਾਮਲੇ ਦੀ ਸੁਣਵਾਈ ਨੂੰ 6 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ | ਇਸ ਦੇ ਨਾਲ ਹੀ ਅਦਾਲਤ ਨੇ ਨਵੀਂ ਨਾਭਾ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਨੂੰ ਅਗਲੀ ਤਰੀਕ ਤੋਂ ਪਹਿਲਾਂ ਰਿਪੋਰਟ ਦਾਇਰ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ |
ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲਾ ਹੁਣ 6 ਨੂੰ <br/>
ਅਜੀਤ ਡੈਸਕ
03-09-2025